Thursday, March 11, 2010

ਵਧੀ ਹੈ ਨੇੜਤਾ ਜਿਉਂ ਜਿਉਂ -ਹਰਦਮ ਸਿੰਘ ਮਾਨ

ਗ਼ਜ਼ਲ   -ਹਰਦਮ ਸਿੰਘ ਮਾਨ

ਵਧੀ ਹੈ ਨੇੜਤਾ ਜਿਉਂ ਜਿਉਂ, ਦਿਲਾਂ ਵਿਚ ਫ਼ਾਸਲਾ ਹੋਇਆ।
ਅਜੋਕੇ ਦੌਰ ਵਿਚ ਇਹ ਕਿਸ ਤਰਾਂ ਦਾ ਹਾਦਸਾ ਹੋਇਆ।

ਮਨਾਂ 'ਤੇ ਸਹਿਮ ਦਾ ਪਰਛਾਵਾਂ ਵਧਦਾ ਜਾ ਰਿਹਾ ਹਰ ਪਲ
ਅਸਾਥੋਂ ਬੀਤੇ ਮੌਸਮ ਤੇ ਨਾ ਕੋਈ ਤਬਸਰਾ ਹੋਇਆ।

ਹਨੇਰੀ ਰਾਤ ਹੈ, ਕਾਤਿਲ ਹੈ ਤੇ ਮਾਸੂਮ ਤਾਰੇ ਨੇ,
ਤੇਰੇ ਹੀ ਸ਼ਹਿਰ ਦਾ ਮੁਨਸਿਫ਼ ਹੈ ਕਿਧਰੇ ਲਾਪਤਾ ਹੋਇਆ।

ਹਨੇਰਾ ਸੰਘਣਾ ਹੈ ਹੋ ਰਿਹਾ ਹਰ ਪਲ ਘਰਾਂ ਅੰਦਰ
ਬਨੇਰੇ ਆਪਣੇ 'ਤੇ ਸਾਥੋਂ ਨਾ ਦੀਵਾ ਜਗਾ ਹੋਇਆ।

ਖ਼ਬਰ ਪਹਿਲੇ ਸਫੇ 'ਤੇ ਛਪ ਰਹੀ ਹੈ 'ਠੀਕ ਹੈ ਸਭ ਕੁੱਝ'
ਨਗਰ ਆਪਣੇ 'ਚ ਵੇਖਾਂ ਹਰ ਬਸ਼ਰ ਮੈਂ ਵਿਲਕਦਾ ਹੋਇਆ।

************