Saturday, November 28, 2009

ਰਿਝਦਾ ,ਬਲਦਾ ,ਸਡ਼ਦਾ ਅਤੇ ਉਬਲਦਾ ਰਹਿੰਦਾਂ -ਬਲਜੀਤ ਪਾਲ ਸਿੰਘ

 ਗ਼ਜ਼ਲ   -ਬਲਜੀਤ ਪਾਲ ਸਿੰਘ


ਰਿਝਦਾ ,ਬਲਦਾ ,ਸਡ਼ਦਾ ਅਤੇ ਉਬਲਦਾ ਰਹਿੰਦਾਂ
ਮੌਸਮ ਸਕੂਨ ਵਾਲੇ ਲਈ ਸਦਾ ਤਡ਼ਪਦਾ ਰਹਿੰਦਾਂ


ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬਡ਼ਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਸਰਕਦਾ ਰਹਿੰਦਾਂ


ਕਿਸਨੇ ਕੰਮ ਆਉਣਾ ਹੈ ਕਦੋਂ ਕਿਹਡ਼ੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਦਾਂ


ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋਡ਼ ਅੱਖ ਵਿਚ ਲੀਡਰਾਂ ਦੇ ਰਡ਼ਕਦਾ ਰਹਿੰਦਾਂ


ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਦਾਂ


ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਦਾਂ


ਜਾਪਦਾ ਏ ਤੁਰ ਜਾਏਗੀ ਭੰਗ ਦੇ ਭਾਣੇ ਇਹ ਦੇਹੀ
ਥੋਡ਼ਾ ਥੋਡ਼ਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਦਾਂ


ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ
....................

Saturday, November 7, 2009

ਮੁਹੱਬਤ ਪਰਖਦੇ ਨੇ ਲੋਕ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ



ਮੁਹੱਬਤ ਪਰਖਦੇ ਨੇ ਲੋਕ ਹੁਣ ਤਾਂ ਕੈਲਕੁਲੇਟਰ 'ਤੇ
ਕਿਤੇ ਤਕਸੀਮ ਦੇ ਨੁਕਤੇ, ਕਿਤੇ ਜ਼ਰਬਾਂ ਦੀਆਂ ਬਾਤਾਂ

ਕਦੇ ਯਾਰਾਂ ਦੀ ਯਾਰੀ ਪਿਆਰ ਤੇ ਇਖ਼ਲਾਕ ਸੀ ਯਾਰੋ!
ਹੁਣ ਤਾਂ ਮਤਲਬ ਦੀਆਂ ਗੱਲਾਂ ਕਿਤੇ ਗਰਬਾਂ ਦੀਆਂ ਬਾਤਾਂ

ਪੰਜਾਬੀ ਮੁੱਢ ਤੋਂ ਹੁਣ ਤੀਕ ਅੰਗਰੇਜ਼ੀ ਦੇ ਮਾਰੇ ਨੇ
ਕਿਤੇ ਟੈਂਸਾਂ  ਤੋਂ ਟੈਂਸ਼ਨ ਹੈ ਕਿਤੇ ਵਰਬਾਂ ਦੀਆਂ ਬਾਤਾਂ

ਕਿਤੇ ਤਾਂ ਭੋਇੰ ਦਾ ਮਾਲਿਕ ਗਲ਼ੇ ਤਕ ਕਰਜ਼ ਵਿੱਚ ਡੁੱਬਾ
ਕਿਤੇ ਕਰਦਾ ਫਿਰੇ ਲੱਖਾਂ ਕਿਤੇ ਅਰਬਾਂ ਦੀਆਂ ਬਾਤਾਂ

ਕਦੇ ਧੂਣੀ 'ਤੇ ਢਾਣੀ ਜੁੜਦੀ ਸੀ 'ਹਰਦੇਵ' ਯਾਰਾਂ ਦੀ
ਕਿਤੇ ਸਨ ਦੁੱਲੇ ਦੇ ਕਿੱਸੇ ਕਿਤੇ ਅਰਬਾਂ ਦੀਆਂ ਬਾਤਾਂ

.................

ਸਮੇਂ ਦੀ ਨਜ਼ਾਕਤ -ਮਨਜੀਤ ਕੋਟੜਾ

ਗ਼ਜ਼ਲ   -ਮਨਜੀਤ ਕੋਟੜਾ


ਸਮੇਂ ਦੀ ਨਜ਼ਾਕਤ ਮਜ਼ਲੂਮਾਂ ਦੀ ਵਫਾ ਲਿਖ ਰਿਹਾ ਹਾਂ।
ਹਾਸ਼ੀਏ ਤੇ ਚਲੇ ਗਏ ਲੋਕਾਂ ਦੀ ਕਥਾ ਲਿਖ ਰਿਹਾ ਹਾਂ।

ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦੇ ਰਹੇ ਜੋ ਉਮਰ ਭਰ,
ਉਨ੍ਹਾਂ ਸੂਰਜਾਂ ਦੀ ਬੇਬਸੀ ਦੀ ਸ਼ੋਖ ਅਦਾ ਲਿਖ ਰਿਹਾ ਹਾਂ।

ਤੇਰੇ ਬਿਨ ਵੀ ਤਾਂ ਗੁਜਰ ਗਈ ਹੈ ਮੇਰੀ ਇਹ ਜਿੰਦਗੀ,
ਪਹਿਲੀ ਮਿਲਣੀ ਨੂੰ ਮਹਿਜ ਇੱਕ ਹਾਦਸਾ ਲਿਖ ਰਿਹਾ ਹਾਂ।

ਜਿੰਦਗੀ ਨੇ ਬਣਾ ਦਿੱਤਾ ਹੈ ਜਿਨ੍ਹਾਂ ਨੂੰ ਬੇਜੁਬਾਨ ਹੀਜੜੇ
ਉਨ੍ਹਾਂ ਇੱਜ਼ਤਦਾਰ ਲੋਕਾਂ ਤੋਂ ਹੋ ਕੇ ਖਫਾ ਲਿਖ ਰਿਹਾ ਹਾਂ।

ਜੰਜੀਰਾਂ ਦੇ ਟੁੱਟਣ ਝਾਂਜਰਾਂ ਦੇ ਸ਼ੋਰ ਤੋਂ ਜੋ ਨੇ ਖੌਫ ਬੜੇ
ਉਹਨਾਂ ਦੇ ਸਿਰ ਉੱਤੇ ਖੜੀ ਬੇਖੌਫ ਕਜਾ ਲਿਖ ਰਿਹਾ ਹਾਂ।

ਸੋਖ ਅਦਾਵਾਂ ਤੋਂ ਕਦੇ ਵਿਹਲ ਮਿਲੀ ਜੇ ਫੇਰਾ ਪਾ ਜਾਇਓ,
ਸੁਲਘਦੇ ਜੰਗਲ ਤਪਦੇ ਥਲ ਦਾ ਪਤਾ ਲਿਖ ਰਿਹਾ ਹਾਂ ।

ਕਿੰਨਾ ਸੀ ਬੁਜਦਿਲ ਉਹ ਜੋ ਮੇਰੇ ਲਈ ਮਰ ਗਿਆ ਹੈ,
ਜਿਉਂ ਸਕਿਆ ਨਹੀਂ ਇਹੋ ਉਸ ਦੀ ਖਤਾ ਲਿਖ ਰਿਹਾ ਹਾਂ।

ਹੁਰਮਰਾਨਾਂ ਦੀ ਮੱਕਾਰੀ ਮਰਜੀਵੜਿਆਂ ਦੀ ਲਲਕਾਰ,
ਸ਼ਾਜਿਸ ਨੂੰ ਸ਼ਾਜਿਸ ਹਾਦਸੇ ਨੂੰ ਹਾਦਸਾ ਲਿਖ ਰਿਹਾ ਹਾਂ।

ਉਹ ਤਾਂ ਚਾਹੁੰਦੇ ਸੀ ਬੜਾ ਕਿ ਮਹਿਕਦਾਰ ਸ਼ੈਲੀ ਹੀ ਲਿਖਾਂ
ਉਨ੍ਹਾਂ ਦਾ ਹੈ ਗਿਲਾ ਕਿਉਂ ਆਸ਼ਕਾਂ ਦੀ ਵਫਾ ਲਿਖ ਰਿਹਾ ਹਾਂ?

ਸੂਰਜਾਂ ਦੀ ਤਲਾਸ਼ ਚ ਗਏ ਜੋ ਖੁਦ ਹੀ ਤਲਾਸ਼ ਹੋ ਗਏ,
ਐਸੇ ਮੁਸਾਫਿਰਾਂ ਲਈ ਮੁਕੱਰਰ ਸਜਾ ਲਿਖ ਰਿਹਾ ਹਾਂ।
...........