Wednesday, April 28, 2010

ਪੱਤਝੜਾਂ ਵਿਚ ਤਿਨਕੇ -ਬਲਜੀਤ ਪਾਲ ਸਿੰਘ

 ਗ਼ਜ਼ਲ

 ਬਲਜੀਤ ਪਾਲ ਸਿੰਘ
ਪੱਤਝੜਾਂ ਵਿਚ ਤਿਨਕੇ ਲੱਭਣੇ ਮੁਸ਼ਕਿਲ ਨਹੀਂ ਹੁੰਦੇ
ਸਿਖਰ ਧੁੱਪਾਂ ਦੇ ਰਾਹੀ ਕਦੇ ਕਮਦਿਲ ਨਹੀਂ ਹੁੰਦੇ ।
 
ਬਹੁਤੀ ਵਾਰੀ ਕਈ ਹੋਰ ਸਿਤਮ ਵੀ ਮਾਰ ਜਾਂਦੇ ਨੇ
ਚਾਕੂ,ਛੁਰੀ,ਬੰਦੂਕ ਸਿਰਫ ਕਾਤਿਲ ਨਹੀਂ ਹੁੰਦੇ ।
 
ਆਦਮੀ ਤੋਂ ਬਣਨਾ ਪੈਂਦਾ ਗੌਤਮ ਰਿਸ਼ੀ ਮੁਨੀ
ਬਜ਼ਾਰਾਂ ਵਿਚ ਸਕੂਨ ਜਦੋਂ ਹਾਸਿਲ ਨਹੀਂ ਹੁੰਦੇ ।
 
ਚੰਗੇ ਲੱਗਣ ਸਾਨੂੰ ਬਿਰਖ ਪਰਿੰਦੇ ਫੇਰ ਵੀ
ਭਾਵੇਂ ਸਾਡੇ ਦੁੱਖਾਂ ਵਿਚ ਇਹ ਸ਼ਾਮਿਲ ਨਹੀਂ ਹੁੰਦੇ ।
 
ਸਿਰਫ ਬਹਾਰਾਂ ਮਾਣਨਾ ਹੈ ਆਰਜ਼ੂ ਜਿਸਦੀ
ਚੋਟ ਸਹਿਣ ਦੇ ਉਹ ਕਦੇ ਕਾਬਿਲ ਨਹੀਂ ਹੁੰਦੇ ।
 
ਸਿਰਫ ਪੈਡਿਆਂ ਖਾਤਿਰ ਹੀ ਤੁਰਨਾਂ ਪੈ ਜਾਂਦਾ
ਰਸਤੇ ਤਾਂ ਰਸਤੇ ਹੁੰਦੇ ਮੰਜਿਲ ਨਹੀਂ ਹੁੰਦੇ ।

***********

Sunday, April 25, 2010

ਦੋ ਪਲ ਦੀ ਹੈ ਜ਼ਿੰਦਗੀ -ਮਨਜੀਤ ਕੋਟੜਾ

ਗ਼ਜ਼ਲ

ਮਨਜੀਤ ਕੋਟੜਾ

ਦੋ ਪਲ ਦੀ ਹੈ ਜ਼ਿੰਦਗੀ,ਮੌਤ ਹਜ਼ਾਰਾਂ ਸਾਲ।
ਮੈਂ ਕਿਉਂ ਨਾ ਸੁਲਝਾਂ ਸਮੇਂ ਦੀਆਂ ਤਾਰਾਂ ਨਾਲ।

ਸੰਵਰਨਾ ਬਿਖਰਨਾ ਕਿਸਮਤ ਦਾ ਹੈ ਖੇਲ,
ਜੋ ਇਹ ਆਖੇ,ਉਸ ਦੀ ਦੇਵਾਂ ਪੱਗ ਉੱਛਾਲ।

ਕੋਈ ਰਾਹ ਵੀ ਰੁਸ਼ਨਾ ਛੱਡ ਬੰਸਰੀ ਦੀ ਕੂਕ,
ਛੇੜ ਮੁਕਤੀ ਦੇ ਗੀਤ,ਤੁਰ ਸੂਰਜਾਂ ਦੇ ਨਾਲ।

ਪੀਲੀਆਂ ਜੋਕਾਂ ਦੇ ਖ਼ੂਨ ਦਾ ਰੰਗ ਪਾਣੀਓਂ ਫਿੱਕਾ,
ਭਵਿੱਖ ਦੇ ਵਾਰਸਾਂ ਦੇ ਪਸੀਨੇ ਦਾ ਰੰਗ ਲਾਲ।

ਅਗਨ ਏਨੀ ਕਿ ਸਾੜ੍ਹ ਦੇਈਏ ਮਹਿਲ ਮੁਨਾਰੇ,
ਪਿਆਸ ਏਨੀ ਕਿ ਬੁਝੇ ਨਾ ਸਮੁੰਦਰਾਂ ਨਾਲ।

ਲੋਕੀਂ ਕਿੰਝ ਨਪੀੜਨੇ ਕਰਨੇ ਕਿੰਝ ਹਲਾਲ
ਰਲ ਮਿਲ ਕੇ ਵਿੱਚ ਸੰਸਦਾਂ ਖੇਡਣ ਭੇਡੂ ਚਾਲ।

ਚੁੱਲੇ ਠੰਢੇ ਸੌਂ ਗਏ ਅਸਮਾਨੀ ਚੜ ਗਈ ਦਾਲ
ਛਾਤੀ ਪਿਚਕੀ ਮਾਵਾਂ ਦੀ,ਭੁੱਖੇ ਵਿਲਕਣ ਬਾਲ

ਜੋ ਕਵੀਆਂ ਤੋਂ ਹੰਝੂ ਨਾ ਬਣ ਹੋਵਣ ਲਲਕਾਰ,
ਵਿੱਚ ਦਵਾਤਾਂ ਡੋਬ ਦਿਓ ਕਲਮਾਂ ਦੇਵੋ ਜਾਲ।

Wednesday, April 21, 2010

ਮਨਾਂ ਅੰਦਰ, ਘਰਾਂ ਅੰਦਰ -ਹਰਦਮ ਸਿੰਘ ਮਾਨ

ਗ਼ਜ਼ਲ

ਹਰਦਮ ਸਿੰਘ ਮਾਨ
ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ ਨੂੰ ਕੱਜਦੈ ਆਬਰੂ ਸਭ ਦੀ
ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।

ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ
ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ
ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਅਸੀਂ ਤਾਂ 'ਮਾਨ'
ਹਮੇਸ਼ਾ ਜ਼ਿੰਦਗੀ ਨੇ ਤਾਂ ਹੀ ਸਾਥੋਂ ਰੱਖਿਆ ਪਰਦਾ। 

************