Sunday, September 27, 2009

ਕਮੀ ਹੈ, ਕਮੀ ਹੈ, ਕਮੀ ਹੈ, ਕਮੀ ਹੈ -ਹਰਦੇਵ ਗਰੇਵਾਲ


ਗ਼ਜ਼ਲ   -ਹਰਦੇਵ ਗਰੇਵਾਲ



ਹਯਾਤੀ ਬੜੀ ਸ਼ਹਿਨਸ਼ਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ
ਖ਼ੁਸ਼ੀਆਂ ਨੇ ਜੀ ਭਰ ਨਿਭਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਕਿਸੇ ਮੈਅਕਦੇ ਤੋਂ ਨਾ ਖ਼ਾਲੀ ਮੁੜਾਂ ਮੈਂ
ਜਦੋਂ ਵੀ ਪਿਆਲਾ ਹੱਥਾਂ ਵਿਚ ਫੜਾਂ ਮੈਂ
ਰਹੀ ਪੂਰਦੀ ਹਰ ਸੁਰਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਕਦੇ ਵੀ ਬਿਗਾਨੀ ਭੜੋਲੀ ਨਾ ਫੋਲੀ
ਪਰਾਈ ਅਮਾਨਤ 'ਤੇ ਨੀਅਤ ਨਾ ਡੋਲੀ
ਰਹੀ ਸਾਫ਼ ਨੀਅਤ ਸਦਾ ਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਸਿਸਕਦੇ ਮਜ਼ਾਰਾਂ 'ਤੇ ਤਾਂਡਵ ਨਾ ਕੀਤੇ
ਕਦੇ  ਗ਼ੈਰਤਾਂ ਨਾਲ ਸੌਦੇ ਨਾ ਕੀਤੇ
ਰਹੀ ਹੌਸਲੀਂ ਬੇਪਨਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਰਹੇ ਇਸ਼ਕ ਦੇ ਇਮਤਿਹਾਨਾਂ 'ਚੋਂ ਅੱਵਲ
ਮਚਾਈ ਜਵਾਂ ਧੜਕਣਾਂ ਵਿਚ ਵੀ ਹਲਚਲ
ਵਹੀ ਛਾਪ, ਜਿਸ ਦਿਲ 'ਤੇ ਵਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਦਿਲੇ ਵਿਚ ਰਹੀ ਕਿਉਂ ਸਦਾ ਬੇਕਰਾਰੀ
ਕਿਉਂ ਚੰਗੇ ਦਿਨਾਂ 'ਤੇ ਰਹੀ ਬੇ'ਤਬਾਰੀ
ਲਿਆ ਹਰ ਘੜੀ ਦਾ ਮਜ਼ਾ ਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਕਦੇ ਵੀ ਨਾ ਯਾਰਾਂ ਤੋਂ ਪਰਦਾ ਹੀ ਕੀਤਾ
ਜਿਦ੍ਹੇ ਲਈ ਜੋ ਬਣਿਆ ਨਾ ਸਰਿਆਂ ਵੀ ਕੀਤਾ
ਮੁਹੱਬਤ ਸਦਾ ਹੀ ਨਿਭਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਮਿਰੇ ਸ਼ਿਅਰ ਸੁਣ ਯਾਰ ਕਰਦੇ ਨੇ ਸਿਫ਼ਤਾਂ
ਕਹਿਣ ਲਾਟ ਵਾਂਗੂੰ ਬਲਣ ਕਾਵਿ-ਲਿਖਤਾਂ
ਗ਼ਜ਼ਲ ਮੇਰੀ ਸਭਨੇ ਸਰਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਕਦੇ ਵੀ ਘਰਾਂ ਨੂੰ ਨਾ 'ਹਰਦੇਵ' ਪਰਤੇ
ਕਬੂਤਰ  ਸਮੁੰਦਰ  ਹਵਾਲੇ  ਜੋ ਕਰਤੇ
ਭਰੀਦੀ ਉਨ੍ਹਾਂ ਬਿਨ ਗਰਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ


................

Sunday, September 20, 2009

ਪਤਝੜ ਵੀ ਹੈ -ਮਨਜੀਤ ਕੋਟੜਾ

ਗ਼ਜ਼ਲ   -ਮਨਜੀਤ ਕੋਟੜਾ




ਪਤਝੜ ਵੀ ਹੈ,ਹੈ ਸਾਜ਼ਸ਼ਾਂ ਦਾ ਵੀ ਸਿਲਸਿਲਾ ।
ਸੁੱਕੇ ਟਾਹਣੇ,ਜ਼ਰਦ ਪੱਤਿਆਂ ‘ਤੇ ਕਾਹਦਾ ਗਿਲਾ ।

 ਬਾਜ਼ਾਰੋਂ ਲੈ ਆਇਉਂ ਕਾਗ਼ਜ਼ਾਂ ਦੀਆਂ  ਪੰਖੜੀਆਂ ,
ਚਲ ਅੱਜ ਦੀ ਘੜੀ ਤੂੰ ਵੀ ਤਾਂ ਕੋਈ ਗੁਲ ਖਿਲਾ ।

 ਉਹ ਵੀ ਤਾਂ ਕਰ ਗਿਆ  ਟੁਕੜੇ ਸਾਡੇ ਵਜੂਦ ਦੇ,
ਹੁੰਦਾ ਸੀ ਜਿਸ ਨੂੰ ਸਾਡੇ ਖਿੰਡ ਜਾਣ ਦਾ ਤੌਖਲਾ ।

ਬਣ ਜਾਂਦੀ ਮੇਰੀ ਪਿਆਸ ਮੇਰੇ ਖ਼ਾਬਾਂ ਦੇ ਹਾਣ ਦੀ,
ਜੇ ਹੁੰਦਾ ਨਾਲ ਮੇਰੇ ਦੋ ਕਦਮ ਤੁਰਨ ਦਾ ਹੌਸਲਾ ।

 ਕਿੰਨਾ ਸੀ ਬੁਜ਼ਦਿਲ,ਮੇਰੇ ਲਈ ਮਰ ਗਿਆ ਜੋ,
ਜਿਉਂ ਸਕਿਆ ਨਾ ਮੇਰੇ ਲਈ,ਏਹੋ ਰਿਹਾ ਗਿਲਾ।

ਮੇਰੇ ਅੰਦਰ-ਬਾਹਰ, ਚਾਰ -ਚੁਫੇਰੇ ਜ਼ਹਿਰ ਹੈ ,
 ਜੇ ਮਾਰਨਾ ਚਾਹੇਂ, ਅੰਮ੍ਰਿਤ ਦੀ ਕੋਈ ਬੂੰਦ ਪਿਲਾ ।

 ਸ਼ਹਿਰ ‘ਚ ਬਣ ਰਹੀ ਮੁਰਲੀ ਵਾਲੇ ਦੀ ਮੂਰਤੀ,
ਸ਼ਹਿਰ ਚ’ ਵਸਤਰ ਹਰਨ ਹੋ ਰਹੀ ਹੈ ਅਬਲਾ ।

ਸਮੇਂ ਦੇ ਤੁਫ਼ਾਨ ਅੱਗੇ ਚੱਲਿਆ ਕਿਸ ਦਾ ਜ਼ੋਰ ਸੀ,
ਕਿ ਖੋਖਲੇ ਦਰੱਖ਼ਤਾਂ ਨਾਲ ਲਿਪਟ ਗਿਆ ਕਾਫ਼ਲਾ।

.............

Friday, September 18, 2009

ਕਮਦਿਲਾਂ ਨੂੰ ਦਿਲ -ਡਾ. ਜਗਤਾਰ

ਗ਼ਜ਼ਲ   -ਡਾ. ਜਗਤਾਰ



ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ
ਯਾ ਖੁਦਾ ਸਭ ਬੇਘਰਾਂ ਨੂੰ ਘਰ ਦਈਂ

ਹਰ ਸੁਹਾਗਣ ਦਾ ਰਹੇ ਜ਼ਿੰਦਾ ਸੁਹਾਗ ,
ਉਮਰ ਬੀਤੀ ਜਾ ਰਹੀ ਨੂੰ ਵਰ ਦਈਂ

ਤੋਤਲੇ ਬੋਲਾਂ ਦਾ ਰਾਖਾ ਖ਼ੁਦ ਬਣੀਂ ,
ਖ਼ੌਫ ਹਰ ਕਾਤਿਲ ਦੇ ਸੀਨੇ ਭਰ ਦਈਂ

ਹਰ ਸਿਪਾਹੀ ਪਰਤ ਆਵੇ ਜੰਗ 'ਚੋਂ ,
ਖ਼ਾਕ ਚਿਹਰੇ ਫਿਰ ਰੌਸ਼ਨ ਕਰ ਦਈਂ

ਸਾਰਿਆਂ ਦੇਸ਼ਾਂ ਨੂੰ ਬਖਸ਼ੀਂ ਅਮਨ ਤੂੰ ,
ਸਭ ਗੁਲਾਮਾਂ ਨੂੰ ਸੁਤੰਤਰ ਕਰ ਦਈਂ

ਸਭ ਮਰੀਜ਼ਾਂ ਨੂੰ ਮਿਲੇ ਸਬਰੋ-ਕਰਾਰ ,
ਮੁੱਦਤਾਂ ਦੇ ਜ਼ਖ਼ਮ ਸਾਰੇ ਭਰ ਦਈਂ

ਬੇੜੀਆਂ ਤੇ ਝਾਂਜਰਾਂ ਤੋ ਇਸ ਵਰ੍ਹੇ ,
ਮੁਕਤ ਕੈਦੀ , ਕਸਬੀਆ ਨੂੰ ਕਰ ਦਈਂ

....................

ਮੈ ਰਾਹਾਂ ਤੇ ਨਹੀਂ ਤੁਰਦਾ -ਸੁਰਜੀਤ ਪਾਤਰ

ਗ਼ਜ਼ਲ   -ਸੁਰਜੀਤ ਪਾਤਰ



ਮੈ ਰਾਹਾਂ ਤੇ ਨਹੀਂ ਤੁਰਦਾ,ਮੈ ਤੁਰਦਾ ਹਾਂ ਤਾਂ ਰਾਹ ਬਣਦੇ
ਯੁੱਗਾ ਦੇ ਕਾਫ਼ਲੇ ਆਉਂਦੇ, ਇਸੇ ਸੱਚ ਦੇ ਕਾਫਲੇ ਬਣਦੇ |

ਇਹ ਪੰਡਤ ਰਾਗ ਦੇ ਤਾਂ,ਪਿੱਛੋਂ ਸਦੀਆ ਬਾਅਦ ਆਉਂਦੇ ਨੇ,
ਮੇਰੇ ਹਾਉਕੇ ਹੀ ਪਹਿਲਾਂ ਤਾਂ,ਮੇਰੀ ਵੰਝਲੀ ਦੇ ਸਾਹ ਬਣਦੇ |

ਕਦੀ ਦਰਿਆ ਇਕੱਲਾ ਤੈਅ ਨਹੀਂ ਕਰਦਾ ਦਿਸ਼ਾ ਅਪਣੀ
ਜਿਮੀ ਦੀ ਢਾਲ,ਜਲ ਦਾ ਵੇਗ,ਰਲ ਮਿਲ ਕੇ ਰਾਹ ਬਣਦੇ |

ਹਮੇਸ਼ਾ ਲੋਚਿਆਂ ਬਣਨਾ ਤੁਹਾਡੇ ਪਿਆਰ ਦੇ ਪਾਤਰ
ਕਦੀ ਨਹੀਂ ਸੋਚਿਆ ਆਪਾ ਕਿ ਅਹੁ ਬਣਦੇ ਜਾਂ ਆਹ ਬਣਦੇ |

............................

Thursday, September 17, 2009

ਗਮਾਂ ਨੇ ਰੋਲਿਆ ਏਦਾਂ -ਬਲਜੀਤ ਪਾਲ ਸਿੰਘ

 ਗ਼ਜ਼ਲ   -ਬਲਜੀਤ ਪਾਲ ਸਿੰਘ

ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ
ਕੱਖਾਂ ਤੋਂ ਹੌਲੇ ਹੋ ਗਏ ਪਤਲੇ ਨੀਰ ਹੋ ਗਏ ਹਾਂ

ਦਿਸਦਾ ਹੈ ਸਭ ਬਨਾਉਟੀ ਓਪਰਾ ਦਿਖਾਵਾ ਜੋ
ਤਨ ਦੇ ਉਜਲੇ ਮਨ ਦੇ ਪਰ ਫਕੀਰ ਹੋ ਗਏ ਹਾਂ

ਤੁਰੇ ਸਾਂ ਕੁਝ ਲੰਮਿਆਂ ਰਾਹਾਂ ਨੂੰ ਮਾਪਣ ਵਾਸਤੇ
ਰਸਤਿਆਂ ਤੇ ਧੂੰਏ ਦੀ ਲੇਕਿਨ ਲਕੀਰ ਹੋ ਗਏ ਹਾਂ

ਅੰਨੇਵਾਹ ਜੋ ਸੇਧ ਦਿਤਾ ਪਰਖਿਆਂ ਬਗੈਰ
ਖੁੰਝ ਗਿਆ ਨਿਸ਼ਾਨਿਓ ਉਹ ਤੀਰ ਹੋ ਗਏ ਹਾਂ

ਹਨੇਰੀਆਂ ਜੂਹਾਂ ਵਿਚ ਹੱਥ ਪੈਰ ਮਾਰਦੇ ਰਹੇ
ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ


ਬਦਲ ਦਿਤਾ ਮੌਸਮਾਂ ਨੇ ਸਾਡਾ ਇਹ ਵਜੂਦ ਹੀ
ਬੋਹੜ ਵਰਗੇ ਸੀ ਕਦੇ ਕਰੀਰ ਹੋ ਗਏ ਹਾਂ
...............

Monday, September 14, 2009

ਬਦਨਾਮ ਹੋ ਕੇ ਰਹਿ ਗਈ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ  




ਬਦਨਾਮ ਹੋ ਕੇ ਰਹਿ ਗਈ,ਇਲਜ਼ਾਮ ਸਿਰ ਧਰ ਬਹਿ ਗਈ
ਚਾਹਤ ਮਿਰੀ  ਤੇਰੇ ਸ਼ਹਿਰ ਨੀਲਾਮ  ਹੋ  ਕੇ  ਰਹਿ ਗਈ

ਮੇਰੇ  ਦਿਲੇ  ਦੇ  ਤਾਰ  ਫਿਰ  ਬੇਤਾਬ  ਹੋ  ਥੱਰਾ ਗਏ
ਖ਼ੌਰੇ ਹਵਾ  ਕੰਨਾਂ ਦੇ ਵਿਚ  ਸੱਰਾ ਕੇ ਕੀ ਕੁਛ ਕਹਿ ਗਈ

ਜਦ  ਨੈਣ  ਮੇਰੇ  'ਤੇ ਟਿਕੇ  ਤਾਂ ਬੇਤਹਾਸ਼ਾ  ਜਾ  ਚੜ੍ਹੀ
ਜਦ ਗ਼ੈਰ ਦੇ ਵੱਲ ਫਿਰ ਗਏ ਸਾਰੀ ਦੀ ਸਾਰੀ ਲਹਿ ਗਈ

ਚੁੰਨੀ ਦਾ ਪੱਲਾ  ਚੀਰ ਕੇ ਸੁਰਮਾ  ਸ਼ਰਾਰਤ  ਕਰ ਗਿਆ
ਹੁਸਨੋ - ਅਦਾ  ਸ਼ਰਮੋ - ਹਯਾ ਦੇ ਨਾਲ ਵੇਖੋ ਖਹਿ ਗਈ

ਸਾਕੀ! ਤਿਰੀ ਮਹਿਫਿਲ'ਚ ਸਾਗ਼ਰ ਛਲਕਦੇ ਰਹੇ ਗ਼ੈਰ ਦੇ
ਮੇਰੇ  ਨਸੀਬਾਂ  ਦੇ  ਲਈ   ਖ਼ਾਲੀ  ਸੁਰਾਹੀ  ਰਹਿ ਗਈ

ਮੇਰੇ  ਦਿਲੇ - ਬਰਬਾਦ ਲਈ  ਕੋਈ  ਟਿਕਾਣਾ ਨਾ ਰਿਹਾ
ਮੇਰੇ  ਦਿਲੇ - ਬਰਬਾਦ ਲਈ  ਬੇਚੈਨਗੀ  ਹੀ ਰਹਿ ਗਈ

'ਹਰਦੇਵ' ਜਿਸਦੇ  ਨਾਮ 'ਤੇ  ਸਾਰੀ ਹਯਾਤੀ ਲਾ ਗਿਆ
ਉਹ ਆਪ ਇੱਕ ਵੀ ਪਲ ਉਦ੍ਹੇ  ਨਾਂਵੇਂ ਲਵਾਉਣੋਂ ਰਹਿ ਗਈ

.....................


Saturday, September 12, 2009

ਬਲਾ ਦੀ ਖ਼ਾਮੋਸ਼ੀ, ਬਲਾ ਦਾ ਹਨੇਰਾ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ





ਬਲਾ ਦੀ ਖ਼ਾਮੋਸ਼ੀ, ਬਲਾ ਦਾ ਹਨੇਰਾ
ਖ਼ੁਦਾਇਆ! ਥਿੜਕ ਨਾ ਜਾਏ ਪੈਰ ਮੇਰਾ
  

ਤਿਰੇ ਇਸ ਸ਼ਹਿਰ ਨਾਲ ਹੈ ਸਾਂਝ ਕੈਸੀ?
ਤਿਰੇ ਇਸ ਸ਼ਹਿਰ ਵਿਚ ਭਲਾ ਕੌਣ ਮੇਰਾ?
   
ਨਾ ਸਾਗ਼ਰ, ਨਾ ਸਾਕੀ, ਨਾ ਮੀਨਾ, ਨਾ ਮੈਅ ਹੈ
ਬੜਾ ਹੀ ਬੇਰੰਗ ਐ ਖ਼ੁਦਾ! ਸ਼ਹਿਰ ਤੇਰਾ

ਕਈ ਪਰਬਤਾਂ ਨੂੰ ਹੜੱਪ ਕਰ ਗਿਆ ਮੈਂ
ਤਾਂ ਜਾ ਕੇ ਸਮੁੰਦਰ ਪਿਆ ਨਾਮ ਮੇਰਾ

ਜੁ ਸੂਰਜ ਤੇ ਸੂਰਜ ਪੀਏ ਹਰ ਤਕਾਲ਼ੀਂ
ਸਦਾ ਤੋਂ ਹੀ ਪਿਆਸਾ ਰਿਹਾ ਏ ਹਨੇਰਾ

ਜੁ ਸੀਨੇ 'ਚ ਧੁਖਦਾ ਰਿਹਾ ਜਨਮ ਤੋਂ ਹੀ
ਅੰਗਾਰਾ ਏ ਕੋਈ ਜਾਂ ਦਿਲ ਹੀ ਏ ਮੇਰਾ

ਤਿਜਾਰਤ ਚਿਰਾਗ਼ਾਂ ਦੀ 'ਹਰਦੇਵ' ਕਰਦਾ
ਲੁਕਾਉਂਦਾ ਫਿਰੇ ਸਭ ਤੋਂ ਮਨ ਦਾ ਹਨੇਰਾ

.............

Sunday, September 6, 2009

ਮੇਰਾ ਯਾਰ ਬਦਲ ਗਿਆ -ਅਮਨਦੀਪ ਕਾਲਕਟ (ਬਰਲਿਨ)

ਗ਼ਜ਼ਲ  -ਅਮਨਦੀਪ ਕਾਲਕਟ (ਬਰਲਿਨ)


ਤਨ ਤੋਂ, ਮਨ ਤੋਂ, ਮੈਂ ਤਾਂ ਪਹਿਲਾਂ ਵਰਗਾ ਹਾਂ,
ਪਰ ਦੁਨੀਆਂ ਵਿੱਚ ਖੋ ਕੇ ਮੇਰਾ ਯਾਰ ਬਦਲ ਗਿਆ
 

ਮਣਾਂ ਮੂੰਹੀਂ ਸੀ ਕਰਦੀ ਉਹ ਕਿਸੇ ਵਕਤ ਮੈਨੂੰ,
ਲੱਗਦੈ ਮੈਨੂੰ ਇੰਝ ਕਿ ਉਹਦਾ ਪਿਆਰ ਬਦਲ ਗਿਆ


'ਕੱਠੇ ਜੀਣਾਂ ਮਰਨਾਂ ਤਾਂ ਸੀ ਦੂਰ ਦੀ ਗੱਲ ,
ਪਰ ਛੇਤੀ ਹੀ
ਮਿਲਣ ਦਾ ਵੀ ਇਕਰਾਰ ਬਦਲ ਗਿਆ
 

ਵਾਅਦੇ ਉਸ ਵੇਲੇ ਦੇ, ਜਦ ਉਹ ਪੜ੍ਹਦੀ ਸੀ,
ਸ਼ਾਦੀ ਹੋਣ ਦੇ ਨਾਲ਼ ਉਹਦਾ ਘਰ-ਬਾਰ ਬਦਲ ਗਿਆ
 

ਦੁਨੀਆਂ ਦੇ ਰੰਗਾਂ ਤੋਂ ਦੂਰ ਸੀ ਮੁੱਖ ਰੱਖਦੀ,
ਕਿਹੜੇ ਲਾਲਚ ਵਿੱਚ ਉਹਦਾ ਸ਼ਿੰਗਾਰ ਬਦਲ ਗਿਆ
 

ਚਾਂਦੀ ਦਾ ਤਵੀਤ ਵੀ ਪਾ ਸ਼ਰਮਾਉਂਦੀ ਸੀ,
ਕਾਲ਼ੀ ਗਾਨੀ ਨੂੰ ਸੋਨੇ ਦਾ
ਹਾਰ ਬਦਲ ਗਿਆ
 

ਅਚਨਚੇਤ ਜਦ ਮਿਲ਼ੇ ਤਾਂ ਹੱਸ ਕੇ ਬੋਲੀ ਨਾ,
ਦਿਲ ਦੇ ਵਿੱਚ ਸੀ ਪਹਿਲਾਂ ਜੋ, ਸਤਿਕਾਰ ਬਦਲ ਗਿਆ
 

ਗੱਲ ਕਰਦੀ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਸਨ, 
ਹੁਣ ਬੋਲਣ ਦਾ ਲਹਿਜਾ ਤੇਜ਼ ਤਰਾਰ ਬਦਲ ਗਿਆ
 

ਉਹਨੂੰ ਦੇਖ ਕੇ ਬਦਲ ਰਿਹਾ ਹਾਂ ਖੁਦ ਵੀ ਮੈਂ,
ਖਿੜਿਆ ਮੁੱਖ ਹੁਣ ਲੱਗਦਾ ਏ
ਬਿਮਾਰ, ਬਦਲ ਗਿਆ
 

ਬੜੇ ਚਿਰਾਂ ਤੋਂ ਪੋਚ ਕੇ ਵੀ ਨਹੀਂ ਪੱਗ ਬੰਨ੍ਹੀ, 
ਘੰਟਾ ਘੰਟਾ ਹੋਈ ਜਾਣਾ  ਤਿਆਰ ਬਦਲ ਗਿਆ
 

ਛੱਡ ਕੇ ਦੁਨੀਆਂਦਾਰੀ 'ਅਮਨ' ਵੀ ਲਿਖਣ ਲੱਗਾ
ਉਹਦੀ ਵਜ੍ਹਾ ਦੇ ਨਾਲ਼ ਮੇਰਾ ਕੰਮ-ਕਾਰ ਬਦਲ ਗਿਆ

ਤੂੰ ਤੇ ਲੈ ਕੇ ਤੁਰ ਗਿਉਂ -ਰਾਜਿੰਦਰ ਪਰਦੇਸੀ

ਗ਼ਜ਼ਲ   -ਰਾਜਿੰਦਰ ਪਰਦੇਸੀ

ਤੂੰ ਤੇ ਲੈ ਕੇ ਤੁਰ ਗਿਉਂ ਮਹਿਕਾਂ ਤੋਂ ਬਨਵਾਸ
ਗੂੰਗੀ ਰੁੱਤ ਦੀ ਪੀੜ ਦਾ ਕੌਣ ਕਰੇ ਅਹਿਸਾਸ

ਤਪਦੀ ਰੂਹ ਨੂ ਇੰਜ ਹੀ ਦੇ ਲਈਏ ਧਰਵਾਸ
ਰੇਗਿਸਤਾਨੀ ਅੱਕੜੇ ਜੰਮਣ ਲੈ ਕੇ ਪਿਆਸ

ਜਿਸ ਦੇ ਵੱਜਣ ਛਮਕਾਂ ਉਸ ਦੇ ਪੈਦੀ ਲਾਸ
ਜ਼ਖ਼ਮਾਂ ਦੇ ਸੰਗ ਸੁਹਬਦੀ ਹੈ ਦਰਦਾਂ ਦੀ ਬਾਸ

ਵੰਝਲੀ ਨੂੰ ਬਸ ਛੇੜ ਨਾ ਨਾ ਕਰ ਹੋਰ ਉਦਾਸ
ਖ਼ਬਰੇ ਰੁਕ ਰੁਕ ਇੰਜ ਹੀ ਚਲਦੇ ਰਹਿਣ ਸਵਾਸ

ਹੱਸਣ ਨੂੰ ਤੂੰ ਆਖ ਨਾ ਇਹ ਨਹੀਂ ਪੁੱਗਣੀ ਆਸ
ਓਸ ਜਨਮੇ ਤਾਂ ਆਪਣਾ ਚੱਲ ਰਿਹੈ ਉਪਵਾਸ

ਤਰਲੋਮੱਛੀ ਅੱਖੀਆਂ ਪਰ ਨਾ ਦੁਆ ਸਲਾਮ
ਦਿਲ ਦੀ ਗਲ਼ੀਓਂ ਲੰਘਿਆ ਬੰਦਾ ਖ਼ਾਸਮਖ਼ਾਸ

ਨਾ ਚਸ਼ਮੇ ਨਾ ਰੁੱਖ ਹੀ ਇਸ ਪਰਬਤ ਦੇ ਪਾਸ
ਆਉਣਾ ਹੈ ਹੁਣ ਪੰਛੀਆਂ ਲੈ ਕੇ ਕਿਹੜੀ ਆਸ

ਤੈਨੂੰ ਤਾਂ ਇਹ ਦੁੱਖ ਹੈ ਹੈਂ ਤੂੰ ਵਤਨੋਂ ਦੂਰ
ਸਾਨੂੰ ਸਾਡੇ ਦੇਸ਼ ਹੀ ਉਮਰਾਂ ਦਾ ਪਰਵਾਸ

'ਪਰਦੇਸੀ' ਨੂੰ ਪਿਸਦਿਆਂ ਗਏ ਚੁਰੰਜਾ ਬੀਤ
ਹੁਣ ਵੀ ਤੇਰੀ ਯਾਦ ਦਾ ਚੱਲਦਾ ਪਿਆ ਖ਼ਰਾਸ

.................

Saturday, September 5, 2009

ਤਿਰੇ ਰਾਹਾਂ ਦਿਆਂ ਕੰਡਿਆਂ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ


ਤਿਰੇ ਰਾਹਾਂ ਦਿਆਂ ਕੰਡਿਆਂ ਨਾ' ਪ੍ਰੀਤਾਂ ਲਾ ਲਈਆਂ ਨੇ
ਸਲੀਬਾਂ ਆਪ ਚੁੱਕ ਕੇ ਆਪਣੇ ਗਲ਼ ਪਾ ਲਈਆਂ ਨੇ

ਅਸਾਂ ਦੀ ਪਿਆਸ ਤੇ ਭੁੱਖ ਦਾ ਅਜਬ ਹੀ ਤੌਰ ਹੈ ਯਾਰੋ
ਕਿ ਆਂਸੂ ਪੀ ਲਏ ਨੇ ਰੱਜ ਪੀੜਾਂ ਖਾ ਲਈਆਂ ਨੇ

ਬੜੇ ਹੀ ਸ਼ੌਕ ਨਾ' ਵਿੰਨੇ ਸੀ ਨੱਕ ਪਾਵਣ ਲਈ ਕੋਕੇ
ਤੁਸਾਂ ਸਾਡੇ ਨੱਕਾਂ ਵਿੱਚ ਵੀ ਨਕੇਲਾਂ ਪਾ ਲਈਆਂ ਨੇ

ਸੁਰਾਹੀ ਇਸ਼ਕ ਦੀ 'ਚੋਂ ਚਾਰ ਬੂੰਦਾਂ ਹੀ ਮਿਰਾ ਹਿੱਸਾ
ਨ੍ਹਾਂ 'ਚੋਂ ਪੀ ਗਿਆ ਮੈਂ ਦੋ ਤੇ ਦੋ ਛਲਕਾ ਲਈਆਂ ਨੇ

ਮੁਸਲਸਲ ਵਕਤ ਵੀ ਠੋਕਰ ਤੇ ਠੋਕਰ ਲਾ ਗਿਆ ਜ਼ਾਲਿਮ
ਖਿੜੇ ਮੱਥੇ 'ਤੇ ਮੈਂ ਵੀ ਠੋਕਰਾਂ ਸਭ ਖਾ ਲਈਆਂ ਨੇ

ਜੁਲਾਹਾ ਹਾਂ ਬੜਾ ਕੱਚਾ ਕਿ ਸਭ ਹੀ ਮੋਹ ਦੀਆਂ ਤੰਦਾਂ
ਬੜੀ ਹੀ ਬੇਧਿਆਨੀ ਨਾਲ ਮੈਂ ਉਲਝਾ ਲਈਆਂ ਨੇ

ਨ੍ਹਾਂ ਵੀ ਕਸ ਲਏ 'ਹਰਦੇਵ' ਜ਼ੁਲਮਾਂ ਲਈ ਕਮਰਕੱਸੇ
ਅਸਾਂ ਵੀ ਕਲਮ-ਨੋਕਾਂ ਰਗੜ ਕੇ ਲਿਸ਼ਕਾ ਲਈਆਂ ਨੇ

..................    

Friday, September 4, 2009

ਚੱਲਿਆਂ ਏਂ ਦੂਰ ਸੱਜਣਾ -ਰਾਜਿੰਦਰ ਪਰਦੇਸੀ


ਗ਼ਜ਼ਲ   -ਰਾਜਿੰਦਰ ਪਰਦੇਸੀ 

  
ਚੱਲਿਆਂ ਏਂ ਦੂਰ ਸੱਜਣਾ ਆਪਣਾ ਖ਼ਿਆਲ ਰੱਖੀਂ
ਸਾਨੂੰ ਵੀ ਚੇਤਿਆਂ ਦੇ ਪਰ ਨਾਲ ਨਾਲ ਰੱਖੀਂ

ਲੈ ਕੇ ਤੇ ਜੇ ਰਿਹਾ ਹੈਂ ਇਹ ਖ਼ਾਹਿਸ਼ਾਂ ਤੇ ਸੁਪਨੇ
ਸੁਪਨੇ ਤੇ ਖ਼ਾਹਿਸ਼ਾਂ ਦੇ ਜਜ਼ਬੇ ਸੰਭਾਲ ਰੱਖੀਂ

ਦੇਵੀਂ ਨਾ ਬੁਝਣ ਹਰਗਿਜ਼ ਗਰਦਿਸ਼ ਦੇ ਝੱਖੜਾਂ ਵਿੱਚ
ਗੁੰਬਦ ਤੇ ਰਿਸ਼ਤਿਆਂ ਦੇ ਦੀਵੇ ਨੂੰ ਬਾਲ ਰੱਖੀਂ

ਸਭ ਕੁਝ ਉਹ ਭੁੱਲ ਜਾਵੀਂ ਜੋ ਯਾਦ ਰੱਖਣਾ ਚਾਹੇਂ
ਜੋ ਭੁੱਲ ਜਾਣਾ ਚਾਹੇਂ ਕੁਝ ਕੁਝ ਸੰਭਾਲ ਰੱਖੀਂ

ਤਿਲਕਣ ਦਾ ਡਰ ਨਾ ਹੋਵੇ ਨਾ ਖ਼ੌਫ਼ ਅੜਚਣਾ ਦਾ
ਮਾਰਗ ਫੜੀਂ ਤੂੰ ਵਖਰਾ ਵਖਰੀ ਹੀ ਚਾਲ ਰੱਖੀਂ

ਜੇ ਗੀਤ ਗਾ ਸਕੇਂ ਤੂੰ ਸਾਂਝਾਂ ਦੇ ਸਾਜ਼ ਉੱਤੇ
ਸਾਂਝਾਂ ਦੀ ਪ੍ਰੀਤ ਸਭਨਾਂ ਗੀਤਾਂ ਦੇ ਨਾਲ ਰੱਖੀਂ

ਦਰਦਾਂ ਨੂੰ ਕੋਲ ਰੱਖ ਕੇ ਜ਼ਖ਼ਮਾਂ ਨੂੰ ਤੋਰ ਦੇਣਾ
ਵੇਖਣ ਲਈ ਉਨ੍ਹਾ ਦੇ ਕਰਕੇ ਕਮਾਲ ਰੱਖੀਂ

ਦਿਲ ਤੂੰ ਤਲੀ 'ਤੇ ਰੱਖ ਕੇ ਉਸਨੂੰ ਵਿਖਾਉਣ ਲੱਗਿਆਂ
ਅੱਖੀਆਂ ਦੇ ਬਾਲ ਦੀਵੇ ਤਲੀਆਂ ਦੇ ਨਾਲ ਰੱਖੀਂ

ਮੱਚਣਾ ਸੁਖਾਲ਼ਾ ਹੁੰਦੈ ਸੇਕੇ ਜੇ ਕੋਈ ਬਹਿ ਕੇ
'ਪਰਦੇਸੀ' ਦਿਲ 'ਚ ਧੁਖਦੀ ਧੂਣੀ ਨੂੰ ਬਾਲ ਰੱਖੀਂ

.................