Wednesday, October 28, 2009

ਪੀਲੇ ਭੂਕ ਪੱਤਿਓ ਲੈ ਜਾਓ -ਮਨਜੀਤ ਕੋਟੜਾ

ਗ਼ਜ਼ਲ   -ਮਨਜੀਤ ਕੋਟੜਾ



ਪੀਲੇ ਭੂਕ ਪੱਤਿਓ ਲੈ ਜਾਓ ਮਾਰੂਥਲ ਦਾ ਸਿਰਨਾਵਾਂ।
ਉਡੀਕਾਂ ਰੁਮਕਦੀ ਬਹਾਰ ਨੂੰ,ਕੋਠਿਉਂ ਕਾਗ ਉਡਾਵਾਂ ।

ਮੋਏ ਤਨ ਦਾ ਮੇਰੇ ਮਹਿਰਮਾਂ ਨੂੰ ਬੜਾ ਫਿਕਰ ਸਤਾਵੇ,
ਮੈਂ ਵੀ ਹਾਂ ਗਮਮੀਨ ਯਾਰੋ,ਮਨ ਮੋਏ ਦਾ ਸੋਗ ਮਨਾਵਾਂ।

ਮਹਿਫਲ ਵਿੱਚ ਭਖਦਾ ਜੋਬਨ, ਛਲਕਦਾ ਜ਼ਾਮ ਵੀ,
ਨੱਚੇ ਲਚਾਰ ਨਰਤਕੀ ਦਿਖਾ ਮਦਮਸਤ ਅਦਾਵਾਂ ।

ਘਰਾਂ ਦੇ ਬੁਝਾ ਚਿਰਾਗ ਸਿਵਿਆਂ ਨੂੰ ਦੇ ਦਿਓ ਰੌਸ਼ਨੀ,
ਭੁੱਲੇ ਭਟਕੇ ਮੋਏ ਨਾ ਲੱਭ ਲੈਣ ਰੌਸ਼ਨੀ ਦੀਆਂ ਰਾਹਵਾਂ।

ਜਦ ਸੜਦਾ ਸੀ ਆਲਮ,ਘਰ ਬਣਿਆ ਪਨਾਹ ਮੇਰੀ ,
ਅੱਗ ਦਹਿਲੀਜ਼ਾਂ ਲੰਘ ਆਈ,ਬਚਕੇ ਕਿਸ ਰਾਹੇ ਜਾਵਾਂ।

ਰੰਗਲੀ ਸੱਭਿਅਤਾ ਦੇ ਸਫਰ ਦੀ ਹੈ ਬੇਦਰਦ ਕਹਾਣੀ,
ਇੱਕ ਅਸਮਾਨ ਹੋਇਆ,ਇੱਕ ਨੂੰ ਖਾ ਲਿਆ ਘਟਨਾਵਾਂ।

ਕੈਦ ਕਰ ਰੌਸ਼ਨੀ!ਕੀਤਾ ਐਲਾਨ ਵਿਚਾਰਾਂ ਦੀ ਮੌਤ ਦਾ,
ਉੱਗਦੀ ਸੂਹੀ ਸਵੇਰ,ਆਜਾ ਅਸਮਾਨੀਂ ਸ਼ੇਕ ਦਿਖਾਵਾਂ।

ਮੈ ਮੇਰੇ ਲੋਕਾਂ ਦੀ ਵਿੱਥਿਆ,ਹਾਂ ਅਣਛੂਹਿਆ ਦਰਦ ,
ਤੇਰੀ ਹਕੂਮਤ ਦੇ ਸਾਹਵੇਂ ਬਾਗ਼ੀ ਸ਼ਾਇਰ ਸਦਵਾਵਾਂ ।

ਮੈਂ ਖਲਾਅ ਵਿੱਚ ਲਟਕੀ ਬੀਤੇ ਸਮੇਂ ਦੀ ਮੂਰਤ ਨਹੀਂ,
ਮੈਂ ਹਾਂ ਇਨਕਲਾਬ,ਮੁੜ ਮੁੜ ਇਤਿਹਾਸ ਦੁਹਰਾਵਾਂ ।

..............

ਸੁਪਨਿਆਂ ਸੰਗ ਸੋਚ ਉਡਾਰੀ -ਬਲਜੀਤਪਾਲ ਸਿੰਘ

ਗ਼ਜ਼ਲ   -ਬਲਜੀਤਪਾਲ ਸਿੰਘ

 

ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ।
ਸ਼ਹਿਰ ਤੁਹਾਡੇ ਫੇਰਾ ਜਰੂਰ ਪਾਇਆ ਕਰਾਂਗੇ।
 
ਅਗਲੇ ਬਚਪਨ ਜਦ ਕਦੇ ਮਿਲਾਂਗੇ ਦੋਸਤਾ
ਘਰ ਬਣਾ ਕੇ ਰੇਤ ਦੇ ਫਿਰ ਢਾਇਆ ਕਰਾਂਗੇ ।

ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪਾਇਆ ਕਰਾਂਗੇ ।

 ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ ।

 ਹੋਇਆ ਨਾ ਦਰਦ ਨਿਵਾਰ ਜਦ ਆਪਣੇ ਘਰੀਂ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ ।

..................

Thursday, October 8, 2009

ਯਾਰੋ ! ਤਰੇਲੀ ਆ ਗਈ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ




ਇਹ ਹਯਾਤੀ ਕਿਉਂ ਭਲਾਂ ਐਸੀ ਪਹੇਲੀ ਪਾ ਗਈ
ਹੱਲ ਕਰਦੇ ਓਸਨੂੰ ਯਾਰੋ ! ਤਰੇਲੀ ਆ ਗਈ

ਜਿਸ ਪੰਨੇ 'ਤੇ ਉੱਕਰੀ ਸੀ ਮੇਰੇ ਗ਼ਮ ਦੀ ਦਾਸਤਾਂ
ਓਸਦੇ ਮੱਥੇ  'ਤੇ  ਵੀ  ਯਾਰੋ ! ਤਰੇਲੀ ਆ ਗਈ

ਮੁੱਖ ਉਸਦਾ ਵੇਖ ਕੇ ਗ਼ਸ਼ ਖਾ ਗਿਆ ਪੁੰਨਿਆ ਦਾ ਚੰਨ
ਸੂਰਜੇ ਨੂੰ ਦਿਨ ਚੜ੍ਹੇ ਯਾਰੋ ! ਤਰੇਲੀ ਆ ਗਈ

ਦਿਲਜਲੇ ਦੀ ਤਾਨ 'ਚੋਂ ਕੁਛ ਨਿੱਕਲੀ ਐਸੀ ਸਦਾ
ਸਾਜ਼ ਦੇ ਹਰ ਤਾਰ ਨੂੰ ਯਾਰੋ ! ਤਰੇਲੀ ਆ ਗਈ

ਉਸਦੀਆਂ ਅੱਖਾਂ 'ਚ ਦੇਖੀ ਅੱਜ ਉਹ ਬੇਗਾਨਗੀ
ਦਿਲ ਦੇ ਹਰ ਜਜ਼ਬਾਤ ਨੂੰ ਯਾਰੋ ! ਤਰੇਲੀ ਆ ਗਈ

ਜਦ ਨਮਕ ਦੀ ਜ਼ਾਤ ਨੂੰ ਮਰਹਮ ਸਮਝ ਕੇ ਲਾ ਲਿਆ
ਦਿਲ ਦੇ ਹਰ ਇਕ ਜ਼ਖ਼ਮ ਨੂੰ ਯਾਰੋ ! ਤਰੇਲੀ ਆ ਗਈ

ਓਸਦੀ ਜਲਵਾ-ਨੁਮਾਂਈ ਦਾ ਅਸਰ ਮੈਂ ਕੀ ਕਹਾਂ?
ਅੱਖ ਦੇ ਹਰ ਕੋਰ ਨੂੰ ਯਾਰੋ ! ਤਰੇਲੀ ਆ ਗਈ

ਮੇਰੇ ਮੱਥੇ ਤਾਂ ਜ਼ਰਾ ਭਰ ਵੀ ਨਹੀਂ ਤਿਉੜੀ ਕਿਤੇ
ਓਸਦੇ ਮੱਥੇ 'ਤੇ ਕਿਉਂ ਯਾਰੋ ! ਤਰੇਲੀ ਆ ਗਈ

ਹੌਸਲੇ 'ਹਰਦੇਵ' ਦੇ ਨਾ ਤੋੜ ਪਾਇਆ ਅਹਲੇ-ਗ਼ਮ
 ਦਰਦ ਨੂੰ ਵੀ ਹਾਰ ਕੇ ਯਾਰੋ ! ਤਰੇਲੀ ਆ ਗਈ

................

Tuesday, October 6, 2009

ਨਾ ਹੋਵੇ ਜ਼ਰਾ ਵੀ ਮਿਰਾ ਠਹਿਰ ਹੋਰ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ



ਨਾ ਹੋਵੇ ਜ਼ਰਾ ਵੀ ਮਿਰਾ ਠਹਿਰ ਹੋਰ
ਮਿਰੇ ਲਈ ਤਲਾਸ਼ੋ ਕੋਈ ਸ਼ਹਿਰ ਹੋਰ

 ਬੜਾ ਕੁਝ ਰਿਹਾ ਜੇ ਅਧੂਰਾ ਹੁਜ਼ੂਰ!
ਚਲੋ ਫਿਰ ਤਲਾਸ਼ੋ ਕੋਈ ਬਹਿਰ ਹੋਰ

ਨਾ ਸ਼ੀਰੀਂ ਮਿਲੀ ਹੈ ਨਾ ਮਿਲਣੇ ਦੀ ਆਸ
ਹਾਂ,ਕੱਢਣੀ ਤਾਂ ਕੱਢ ਲੈ ਕੋਈ ਨਹਿਰ ਹੋਰ

ਹਨੇਰੇ ਦੀ ਠੋਕਰ ਦੀ ਬਹੁਤੀ ਜੇ ਲੋੜ
ਖਲੋ ਜਉ ਕਿ ਢਲ਼ ਜਏ ਕੋਈ ਪਹਿਰ ਹੋਰ

ਮੁਹੱਬਤ ਤੁਹਾਡੀ ਤਾਂ ਵੇਖੀ ਹੁਜ਼ੂਰ!
ਰਿਹਾ ਜੋ ਵੀ ਢਾਹ ਲਓ ਕੋਈ ਕਹਿਰ ਹੋਰ

ਦਹੀਂ ਦੁੱਧ ਨਾ ਰੋਟੀ ਨਾ ਸਬਜ਼ੀ ਹੀ ਖਾਣ
ਬਣਾਓ ਜੁਆਕਾਂ ਲਈ ਜ਼ਹਿਰ ਹੋਰ

ਸਮੁੰਦਰ 'ਚ ਬੇੜੀ ਨਾ 'ਹਰਦੇਵ' ਠੇਲ੍ਹ
ਟੱਕਰੋਂ ਨਾ ਬਾਕੀ ਰਹੀ ਲਹਿਰ ਹੋਰ

...................

Friday, October 2, 2009

ਮੁਸ਼ਕਿਲ ਹੱਲ ਹੋ ਜਾਂਦੀ -ਬਲਜੀਤ ਪਾਲ ਸਿੰਘ

 ਗ਼ਜ਼ਲ   -ਬਲਜੀਤ ਪਾਲ ਸਿੰਘ


ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ ।
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ ।

ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲਹਿ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ ।

ਹਰ ਰਾਤ ਨੂੰ ਇਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ ।

ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸ਼ਿਕਾਰ ਬੇਰੁਖੀ ਦਾ ਜ਼ਿੰਦਗੀ ਹਰੇਕ ਪਲ ਹੋ ਜਾਂਦੀ ।

ਅਸੀਂ ਖਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰਹਿੰਦੇ ਹਾਂ
ਇਹ ਜਦ ਨੇੜੇ ਨਹੀਂ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ ।

ਸਿਆਸਤ ਅਤੇ ਗੁੰਡਾਗਰਦੀ ਵਿਚ ਫਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ ।

ਬੇਗਾਨਿਆਂ ਦੇ ਵਾਰ ਅਸੀਂ ਹਮੇਸ਼ਾ ਚੁਪ ਚਾਪ ਸਹਿ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ ।

ਕਹਿਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪੁਕਾਰ ਉਸਦੀ ਲੇਕਿਨ ਰੌਲਿਆਂ ਵਿਚ ਰਲ ਹੋ ਜਾਂਦੀ ।

.............