Wednesday, December 23, 2009

ਨਵਾਂ ਸਾਲ -ਡਾ. ਸਾਥੀ ਲੁਧਿਆਣਵੀ

ਨਵਾਂ ਸਾਲ   -ਡਾ. ਸਾਥੀ ਲੁਧਿਆਣਵੀ


ਹੌਲ਼ੀ ਹੌਲੀ ਦੇਖ਼ੋ ਨਵਾਂ ਸਾਲ ਆ ਗਿਆ।
ਇੰਝ ਲੱਗੇ ਜਿਵੇਂ ਨਵਾਂ ਬਾਲ ਆ ਗਿਆ।
 
ਨਵਾਂ ਸਾਲ ਕੀ ਕੀ ਰੰਗ ਲੈ ਕੇ ਆਵੇਗਾ,
ਸਾਡੇ ਸਾਹਵੇਂ ਅੱਜ ਇਹ ਸਵਾਲ ਆ ਗਿਆ।

ਠੰਡੀ ਠੰਡੀ ਰੁੱਤ 'ਤੇ ਪਿਆਰਾਂ ਦਾ ਮਾਹੌਲ,
ਪੌਣਾ ਵਿਚ ਘੁਲ਼ ਕੇ ਗੁਲਾਲ ਆ ਗਿਆ।

ਢੋਲ ਉੱਤੇ ਡਗਾ ਜਦੋਂ ਢੋਲੀ ਮਾਰਿਆ,
ਭੰਗੜੇ ਤੇ ਗਿੱਧੇ ਦਾ ਭੁਚਾਲ ਆ ਗਿਆ।

ਦਾਰੂ ਦੀਆਂ ਖ਼ੁੱਲੀਆਂ ਵਲੈਤੀ ਬੋਤਲਾਂ,
ਦੇਸੀ ਜੱਟ ਪਾਉਂਦਾ ਹੈ ਧਮਾਲ ਆ ਗਿਆ।

ਜਿਹੜੇ ਲੋਕੀਂ ਦੁਖ਼ੀ ਅਤੇ ਗ਼ਮਜ਼ਦਾ ਨੇ,
ਉਨ੍ਹਾਂ ਦਾ ਵੀ ਸਾਨੂੰ ਹੈ ਖ਼ਿਆਲ ਆ ਗਿਆ।

ਛੰਮ ਛੰਮ ਰੋਣ ਲੱਗ ਪਈਆਂ ਅੱਖ਼ੀਆਂ,
ਬੈਠੇ ਬੈਠੇ ਕਿਸੇ ਦਾ ਖ਼ਿਆਲ ਆ ਗਿਆ।

ਯਾਰਾਂ ਮਿੱਤਰਾਂ ਨੇ ਭੇਜੇ ਤੋਹਫ਼ੇ ਨੇ ਹਜ਼ਾਰ,
ਸੱਜਣਾ ਦਾ ਭੇਜਿਆ ਰੁਮਾਲ ਆ ਗਿਆ।

ਵਾਈਟ ਹਾਊਸ ਵਿਚ ਹੈ ਓਬਾਮਾ ਆ ਗਿਆ,
ਲੋਕੀਂ ਕਹਿਣ ਹੁਣ ਨਵਾਂ ਕਾਲ ਆ ਗਿਆ।

ਹੱਸਦੇ ਤੇ ਗਾਉਂਦੇ ਕੱਠੇ ਗੋਰੇ ਕਾਲ਼ੇ ਨੇ,
ਇਨ੍ਹਾਂ ਵਿਚ ਕਿੰਨਾ ਸੁਰਤਾਲ ਆ ਗਿਆ।

ਗੱਡ ਬਾਈ ਕਹੀ ਅਸੀਂ ਬੀਤੇ ਸਾਲ ਨੂੰ,
ਚੰਗੇ ਬੀਤੇ ਪਲਾਂ ਦਾ ਮਲਾਲ ਆ ਗਿਆ।

ਨਵਾਂ ਸਾਲ "ਸਾਥੀ" ਲੈਕੇ ਆਊ ਸੁੱਖ਼ ਸਾਂਦ,
ਲੈਕੇ ਇਹ ਸੁਨੇਹਾ ਨਵਾਂ ਸਾਲ ਆ ਗਿਆ।
................

ਪਲ ਪਲ ਖੇਡੇ ਚਾਲ -ਹਰਦਮ ਸਿੰਘ ਮਾਨ

ਮਾਡਰਨ ਗ਼ਜ਼ਲ    -ਹਰਦਮ ਸਿੰਘ ਮਾਨ


ਪਲ ਪਲ ਖੇਡੇ ਚਾਲ, ਜ਼ਮਾਨਾ ਉਸ ਦਾ ਹੈ।
ਜਿਸ ਦੀ ਅਦਾ ਕਮਾਲ, ਜ਼ਮਾਨਾ ਉਸ ਦਾ ਹੈ।

ਅੰਬਰੀਂ ਉਡਦੇ ਪੰਛੀ ਵੀ ਉਹ ਫਾਹ ਲੈਂਦੈ
ਬੁਣਨਾ ਜਾਣੇ ਜਾਲ, ਜ਼ਮਾਨਾ ਉਸ ਦਾ ਹੈ।

ਤੇਰੇ ਆਦਰਸ਼ਾਂ ਨੂੰ ਬਾਬਾ ਪੁੱਛਦੈ ਕੌਣ?
ਜੀਹਦੇ ਪੱਲੇ ਮਾਲ, ਜ਼ਮਾਨਾ ਉਸ ਦਾ ਹੈ।

ਹੱਕ ਪਰਾਇਆ ਖਾਵੇ ਤਕੜਾ ਧੌਂਸ ਦੇ ਨਾਲ
ਕੁਸਕੇ ਕੋਈ ਮਜਾਲ, ਜ਼ਮਾਨਾ ਉਸ ਦਾ ਹੈ।

ਤੂਤੀ ਬੋਲੇ ਹਰ ਥਾਂ ਚਮਚਾਗੀਰੀ ਦੀ
ਹੋਵੇ ਹਾੜ ਸਿਆਲ, ਜ਼ਮਾਨਾ ਉਸ ਦਾ ਹੈ।

ਨੇਤਾ, ਪੁਲਸ, ਮੀਡੀਆ, ਅਫਸਰ ਤੇ ਬੀਵੀ
ਜਿਸ ਤੇ ਹੋਣ ਦਿਆਲ, ਜ਼ਮਾਨਾ ਉਸ ਦਾ ਹੈ। 
...................

Saturday, December 5, 2009

ਹੁੰਦਾ ਸੀ ਏਥੇ ਸ਼ਖ਼ਸ ਇੱਕ -ਸੁਰਜੀਤ ਪਾਤਰ

ਗ਼ਜ਼ਲ   -ਸੁਰਜੀਤ ਪਾਤਰ
ਹੁੰਦਾ ਸੀ ਏਥੇ ਸ਼ਖ਼ਸ ਇੱਕ ਸੱਚਾ ਕਿਧਰ ਗਿਆ
ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿਧਰ ਗਿਆ
 
ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ
ਸਾਜਿੰਦੇ ਪੁੱਛਦੇ ਸਾਜ਼ ਨੂੰ ਨਗ਼ਮਾ ਕਿਧਰ ਗਿਆ
 
ਪਲਕਾਂ ਵੀ ਖ਼ੂਬ ਲੰਮੀਆਂ ਕੱਜਲਾ ਵੀ ਖ਼ੂਬ ਹੈ
ਪਰ ਤੇਰੇ ਸੋਹਣੇ ਨੈਣਾਂ ਦਾ ਸੁਪਨਾ ਕਿਧਰ ਗਿਆ
 
ਸਭ ਨੀਰ ਗੰਧਲੇ ਸ਼ੀਸ਼ੇ ਧੁੰਦਲੇ ਹੋਏ ਇਸ ਤਰਾਂ
ਹਰ ਸ਼ਖ਼ਸ ਪੁੱਛਦਾ ਏ ਮੇਰਾ ਚਿਹਰਾ ਕਿਧਰ ਗਿਆ
 
ਸਿੱਖਾਂ ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿੱਚ
ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿਧਰ ਗਿਆ 
 
'ਪਾਤਰ' ਤੇਰੇ ਕਲਾਮ ਵਿੱਚ ਹੁਣ ਪੁਖ਼ਤਗੀ ਤਾਂ ਹੈ
ਸਤਰਾਂ 'ਚੋਂ ਪਰ ਉਹ ਥਿਰਕਦਾ ਪਾਰਾ ਕਿਧਰ ਗਿਆ
 
...............



Tuesday, December 1, 2009

ਸਿਦਕ ਦੇ ਸਾਹਵੇਂ ਸਿਤਮ -ਹਰਦਮ ਸਿੰਘ ਮਾਨ

ਗ਼ਜ਼ਲ   -ਹਰਦਮ ਸਿੰਘ ਮਾਨ


ਸਿਦਕ ਦੇ ਸਾਹਵੇਂ ਸਿਤਮ ਉਹਦੇ ਨੇ ਹਰਨਾ ਹੈ ਹਰ ਹਾਲ।
ਰਿਸਦੇ ਜ਼ਖ਼ਮਾਂ ਨੇ ਵੀ ਇਕ ਦਿਨ ਭਰਨਾ ਹੈ ਹਰ ਹਾਲ।

ਨੰਗੇ ਪੈਰੀਂ, ਤੱਤੀ ਰੇਤ ਦਾ ਕਣ ਕਣ ਛਾਣ ਲਵੀਂ
ਜੀਵਨ ਦਾ ਇਹ ਮਾਰੂਥਲ ਸਰ ਕਰਨਾ ਹੈ ਹਰ ਹਾਲ।

ਹਰ ਪਾਸੇ ਨੇ ਖੁਸ਼ਕ ਹਵਾਵਾਂ, ਉਤੋਂ ਲੰਮੀ ਔੜ
ਨੈਣਾਂ ਦੇ ਸਾਵਣ ਨੇ ਐਪਰ ਵਰਨ੍ਹਾ ਹੈ ਹਰ ਹਾਲ।

ਡਰ ਨਾ ਏਸ ਹਨੇਰੇ ਤੋਂ, ਜਾਰੀ ਰੱਖ ਇਹ ਪਰਵਾਜ਼
ਕਾਲੀ ਰਾਤ ਦੀ ਹਿੱਕ ਤੇ ਸੂਰਜ ਧਰਨਾ ਹੈ ਹਰ ਹਾਲ।

'ਹਰਦਮ' ਝੁਲਦਾ ਰੱਖਿਆ ਜਿਸ ਨੇ ਜੀਵਨ ਦਾ ਪਰਚਮ
'ਮਾਨ' ਓਸ ਸੁਪਨੇ ਨੂੰ ਸਿਜਦਾ ਕਰਨਾ ਹੈ ਹਰ ਹਾਲ। 
...................