Sunday, January 24, 2010

ਲੋਕ ਏਥੇ ਆ ਗਏ ਹੁਣ ਓਪਰੇ -ਬਲਜੀਤਪਾਲ ਸਿੰਘ

ਗ਼ਜ਼ਲ   -ਬਲਜੀਤਪਾਲ ਸਿੰਘ


ਲੋਕ ਏਥੇ ਆ ਗਏ ਹੁਣ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ

ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ

ਝਗੜਦੇ,ਮਰਦੇ ਤੇ ਮਾਰਦੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ

ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ

ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ

ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ, ਕੱਲ ਵੀ ਮਰੇ

ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ

ਹੱਦ ਟੱਪ ਗਈਆਂ ਬੇਇਨਸਾਫੀਆਂ
ਠੱਲੇ ਇਹਨਾਂ ਨੂੰ ਕੋਈ ਤਾਂ ਨਿੱਤਰੇ

ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ

ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ
............

No comments:

Post a Comment