Saturday, August 29, 2009

ਉਸਨੂੰ ਗ਼ਜ਼ਲ ਨਾ ਆਖੋ! - ਦੀਪਕ ਜੈਤੋਈ


ਗ਼ਜ਼ਲ   -   ਦੀਪਕ ਜੈਤੋਈ


ਸੁਣ ਕੇ ਮਜ਼ਾ ਨਾ ਆਵੇ, ਉਸਨੂੰ ਗ਼ਜ਼ਲ ਨਾ ਆਖੋ!
ਦਿਲ ਵਿੱਚ ਜੇ ਖੁਭ ਨਾ ਜਾਵੇ, ਉਸਨੂੰ ਗ਼ਜ਼ਲ ਨਾ ਆਖੋ!

 ਖ਼ੂਬੀ ਗ਼ਜ਼ਲ ਦੀ ਇਹ ਹੈ, ਦਿਲ ਨੂੰ ਚੜ੍ਹਾਵੇ ਮਸਤੀ,
ਜਿਹੜੀ ਦਿਮਾਗ਼ ਨੂੰ ਖਾਵੇ, ਉਸਨੂੰ ਗ਼ਜ਼ਲ ਨਾ ਆਖੋ!

ਹਰ ਸ਼ਿਅਰ ਅਪਣੀ-ਅਪਣੀ, ਪੂਰੀ ਕਹਾਣੀ ਦੱਸੇ,
ਅੱਧ 'ਚੋਂ ਜੋ ਟੁੱਟ ਜਾਵੇ, ਉਸਨੂੰ ਗ਼ਜ਼ਲ ਨਾ ਆਖੋ!

ਮਿਸਰਾ ਤਾਂ ਪਿੱਛੋਂ ਮੁੱਕੇ, ਖੁੱਲ੍ਹ ਜਾਣ ਅਰਥ ਪਹਿਲਾਂ,
ਉਲਝਣ ਦੇ ਵਿੱਚ ਜੋ ਪਾਵੇ,  ਉਸਨੂੰ ਗ਼ਜ਼ਲ ਨਾ ਆਖੋ!

ਬੇ-ਅਰਥ ਕੋਈ ਬਾਤ ਜਚਦੀ ਨਹੀਂ ਗ਼ਜ਼ਲ ਵਿੱਚ,
ਮਾਇਨਾ ਸਮਝ ਨਾ ਆਵੇ, ਉਸਨੂੰ ਗ਼ਜ਼ਲ ਨਾ ਆਖੋ!

ਮਖ਼ਸੂਸ ਸ਼ਬਦ ਵੀ ਕੁਝ, ਯਾਰੋ ਗ਼ਜ਼ਲ ਲਈ ਹਨ,
ਬਾਹਰ ਜੋ ਉਸਤੋਂ ਜਾਵੇ,  ਉਸਨੂੰ ਗ਼ਜ਼ਲ ਨਾ ਆਖੋ!

ਹਰ ਬਾਤ ਇਸ਼ਕ ਦੇ ਵਿੱਚ ਰੰਗੀ ਹੋਈ ਗ਼ਜ਼ਲ ਦੀ,
ਜੋ ਖ਼ੁਸ਼ਕੀਆਂ ਚੜ੍ਹਾਵੇ, ਉਸਨੂੰ ਗ਼ਜ਼ਲ ਨਾ ਆਖੋ!

ਫੁਲਾਂ ਦੇ ਵਾਂਗੂੰ ਵੰਡਣ ਖ਼ੁਸ਼ਬੂ ਗ਼ਜ਼ਲ ਦੇ ਮਿਸਰੇ,
ਜਿਸ 'ਚੋਂ ਸੜ੍ਹਾਂਦ ਆਵੇ, ਉਸਨੂੰ ਗ਼ਜ਼ਲ ਨਾ ਆਖੋ!

ਮਸਤੀ ਸ਼ਰਾਬ ਵਰਗੀ, ਮੁਟਿਆਰ ਵਰਗਾ ਨਖ਼ਰਾ,
ਨਜ਼ਰਾਂ 'ਚ ਨਾ ਸਮਾਵੇ, ਉਸਨੂੰ ਗ਼ਜ਼ਲ ਨਾ ਆਖੋ!

ਸੰਗੀਤ ਦੀ ਮਧੁਰਤਾ, ਝਰਨੇ ਜਿਹੀ ਰਵਾਨੀ,
ਜੇਕਰ ਨਜ਼ਰ ਨਾ ਆਵੇ, ਉਸਨੂੰ ਗ਼ਜ਼ਲ ਨਾ ਆਖੋ!

ਸ਼ਿਅਰਾਂ ਦੇ ਅਰਥ ਓਦਾਂ, ਲੱਭੇ ਲੁਗ਼ਾਤ ਵਿੱਚੋਂ,
ਫਿਰ ਵੀ ਗ਼ਜ਼ਲ ਦੇ ਦਾਅਵੇ? ਉਸਨੂੰ ਗ਼ਜ਼ਲ ਨਾ ਆਖੋ!

ਅਨਹੋਣੀਆਂ ਦਲੀਲਾਂ, ਉਪਮਾਵਾਂ ਅਤਿ ਅਸੰਭਵ,
ਅਸ਼ਲੀਲਤਾ ਵਧਾਵੇ, ਉਸਨੂੰ ਗ਼ਜ਼ਲ ਨਾ ਆਖੋ!

ਮਹਿਫ਼ਿਲ ਵਿੱਚ ਥਿਰਕਦੀ ਜਿੱਦਾਂ ਹੁਸੀਨ ਨਾਚੀ,
ਓਹ ਰੰਗ ਨਾ ਜਮਾਵੇ, ਉਸਨੂੰ ਗ਼ਜ਼ਲ ਨਾ ਆਖੋ!

ਬਿਰਹਣ ਦਾ ਦਰਦ ਹੋਵੇ, ਜਾਂ ਵਸਲ ਦੀ ਲਤਾਫ਼ਤ,
ਜਾਂ ਇਸ਼ਕ ਨਾ ਜਮਾਵੇ, ਉਸਨੂੰ ਗ਼ਜ਼ਲ ਨਾ ਆਖੋ!

 ਮਹਿਬੂਬ ਨਾਲ਼ ਗੱਲਾਂ, ਸਾਕੀ ਨਾਲ ਸ਼ਿਕਵੇ,
ਮੰਜ਼ਰ ਨਾ ਇਹ ਦਿਖਾਵੇ, ਉਸਨੂੰ ਗ਼ਜ਼ਲ ਨਾ ਆਖੋ!

ਦਿਲ ਦੀ ਜ਼ੁਬਾਨ ਹੈ ਇਹ ਦਾਨਿਸ਼ਵਰਾਂ ਕਿਹਾ ਹੈ,
ਕੋਈ ਪਹੇਲੀ ਪਾਵੇ, ਉਸਨੂੰ ਗ਼ਜ਼ਲ ਨਾ ਆਖੋ!

ਸੜੀਅਲ ਮਿਜ਼ਾਜ 'ਦੀਪਕ', ਡਿਗਰੀ ਦਾ ਰੋਅਬ ਪਾ ਕੇ,
ਜੇਕਰ ਕਥਾ ਸੁਣਾਵੇ, ਉਸਨੂੰ ਗ਼ਜ਼ਲ ਨਾ ਆਖੋ!

.................



No comments:

Post a Comment