Friday, September 4, 2009

ਚੱਲਿਆਂ ਏਂ ਦੂਰ ਸੱਜਣਾ -ਰਾਜਿੰਦਰ ਪਰਦੇਸੀ


ਗ਼ਜ਼ਲ   -ਰਾਜਿੰਦਰ ਪਰਦੇਸੀ 

  
ਚੱਲਿਆਂ ਏਂ ਦੂਰ ਸੱਜਣਾ ਆਪਣਾ ਖ਼ਿਆਲ ਰੱਖੀਂ
ਸਾਨੂੰ ਵੀ ਚੇਤਿਆਂ ਦੇ ਪਰ ਨਾਲ ਨਾਲ ਰੱਖੀਂ

ਲੈ ਕੇ ਤੇ ਜੇ ਰਿਹਾ ਹੈਂ ਇਹ ਖ਼ਾਹਿਸ਼ਾਂ ਤੇ ਸੁਪਨੇ
ਸੁਪਨੇ ਤੇ ਖ਼ਾਹਿਸ਼ਾਂ ਦੇ ਜਜ਼ਬੇ ਸੰਭਾਲ ਰੱਖੀਂ

ਦੇਵੀਂ ਨਾ ਬੁਝਣ ਹਰਗਿਜ਼ ਗਰਦਿਸ਼ ਦੇ ਝੱਖੜਾਂ ਵਿੱਚ
ਗੁੰਬਦ ਤੇ ਰਿਸ਼ਤਿਆਂ ਦੇ ਦੀਵੇ ਨੂੰ ਬਾਲ ਰੱਖੀਂ

ਸਭ ਕੁਝ ਉਹ ਭੁੱਲ ਜਾਵੀਂ ਜੋ ਯਾਦ ਰੱਖਣਾ ਚਾਹੇਂ
ਜੋ ਭੁੱਲ ਜਾਣਾ ਚਾਹੇਂ ਕੁਝ ਕੁਝ ਸੰਭਾਲ ਰੱਖੀਂ

ਤਿਲਕਣ ਦਾ ਡਰ ਨਾ ਹੋਵੇ ਨਾ ਖ਼ੌਫ਼ ਅੜਚਣਾ ਦਾ
ਮਾਰਗ ਫੜੀਂ ਤੂੰ ਵਖਰਾ ਵਖਰੀ ਹੀ ਚਾਲ ਰੱਖੀਂ

ਜੇ ਗੀਤ ਗਾ ਸਕੇਂ ਤੂੰ ਸਾਂਝਾਂ ਦੇ ਸਾਜ਼ ਉੱਤੇ
ਸਾਂਝਾਂ ਦੀ ਪ੍ਰੀਤ ਸਭਨਾਂ ਗੀਤਾਂ ਦੇ ਨਾਲ ਰੱਖੀਂ

ਦਰਦਾਂ ਨੂੰ ਕੋਲ ਰੱਖ ਕੇ ਜ਼ਖ਼ਮਾਂ ਨੂੰ ਤੋਰ ਦੇਣਾ
ਵੇਖਣ ਲਈ ਉਨ੍ਹਾ ਦੇ ਕਰਕੇ ਕਮਾਲ ਰੱਖੀਂ

ਦਿਲ ਤੂੰ ਤਲੀ 'ਤੇ ਰੱਖ ਕੇ ਉਸਨੂੰ ਵਿਖਾਉਣ ਲੱਗਿਆਂ
ਅੱਖੀਆਂ ਦੇ ਬਾਲ ਦੀਵੇ ਤਲੀਆਂ ਦੇ ਨਾਲ ਰੱਖੀਂ

ਮੱਚਣਾ ਸੁਖਾਲ਼ਾ ਹੁੰਦੈ ਸੇਕੇ ਜੇ ਕੋਈ ਬਹਿ ਕੇ
'ਪਰਦੇਸੀ' ਦਿਲ 'ਚ ਧੁਖਦੀ ਧੂਣੀ ਨੂੰ ਬਾਲ ਰੱਖੀਂ

.................
  


No comments:

Post a Comment