Tuesday, December 1, 2009

ਸਿਦਕ ਦੇ ਸਾਹਵੇਂ ਸਿਤਮ -ਹਰਦਮ ਸਿੰਘ ਮਾਨ

ਗ਼ਜ਼ਲ   -ਹਰਦਮ ਸਿੰਘ ਮਾਨ


ਸਿਦਕ ਦੇ ਸਾਹਵੇਂ ਸਿਤਮ ਉਹਦੇ ਨੇ ਹਰਨਾ ਹੈ ਹਰ ਹਾਲ।
ਰਿਸਦੇ ਜ਼ਖ਼ਮਾਂ ਨੇ ਵੀ ਇਕ ਦਿਨ ਭਰਨਾ ਹੈ ਹਰ ਹਾਲ।

ਨੰਗੇ ਪੈਰੀਂ, ਤੱਤੀ ਰੇਤ ਦਾ ਕਣ ਕਣ ਛਾਣ ਲਵੀਂ
ਜੀਵਨ ਦਾ ਇਹ ਮਾਰੂਥਲ ਸਰ ਕਰਨਾ ਹੈ ਹਰ ਹਾਲ।

ਹਰ ਪਾਸੇ ਨੇ ਖੁਸ਼ਕ ਹਵਾਵਾਂ, ਉਤੋਂ ਲੰਮੀ ਔੜ
ਨੈਣਾਂ ਦੇ ਸਾਵਣ ਨੇ ਐਪਰ ਵਰਨ੍ਹਾ ਹੈ ਹਰ ਹਾਲ।

ਡਰ ਨਾ ਏਸ ਹਨੇਰੇ ਤੋਂ, ਜਾਰੀ ਰੱਖ ਇਹ ਪਰਵਾਜ਼
ਕਾਲੀ ਰਾਤ ਦੀ ਹਿੱਕ ਤੇ ਸੂਰਜ ਧਰਨਾ ਹੈ ਹਰ ਹਾਲ।

'ਹਰਦਮ' ਝੁਲਦਾ ਰੱਖਿਆ ਜਿਸ ਨੇ ਜੀਵਨ ਦਾ ਪਰਚਮ
'ਮਾਨ' ਓਸ ਸੁਪਨੇ ਨੂੰ ਸਿਜਦਾ ਕਰਨਾ ਹੈ ਹਰ ਹਾਲ। 
...................

1 comment:

  1. ਮਾਨ ਸਾਹਿਬ,ਆਪ ਜੀ ਦੀ ਇਸ ਅਹਿਸਾਸ ਭਰਪੂਰ ਗਜ਼ਲ ਵਿਚ ਕਿੰਨੀ ਵਧੀਆ ਤਮੰਨਾ ਅਤੇ ਆਰਜ਼ੂ ਦਾ ਜਨਮ ਹੈ। ਰੱਬ ਕਰੇ ਆਪ ਨੂੰ ਕੁਦਰਤ
    ਅਜਿਹੇ ਸ਼ਬਦਾਂ ਦੀ ਦਾਤ ਨਾਲ ਭਰਪੂਰ ਰੱਖੇ

    ReplyDelete