Friday, October 2, 2009

ਮੁਸ਼ਕਿਲ ਹੱਲ ਹੋ ਜਾਂਦੀ -ਬਲਜੀਤ ਪਾਲ ਸਿੰਘ

 ਗ਼ਜ਼ਲ   -ਬਲਜੀਤ ਪਾਲ ਸਿੰਘ


ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ ।
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ ।

ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲਹਿ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ ।

ਹਰ ਰਾਤ ਨੂੰ ਇਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ ।

ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸ਼ਿਕਾਰ ਬੇਰੁਖੀ ਦਾ ਜ਼ਿੰਦਗੀ ਹਰੇਕ ਪਲ ਹੋ ਜਾਂਦੀ ।

ਅਸੀਂ ਖਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰਹਿੰਦੇ ਹਾਂ
ਇਹ ਜਦ ਨੇੜੇ ਨਹੀਂ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ ।

ਸਿਆਸਤ ਅਤੇ ਗੁੰਡਾਗਰਦੀ ਵਿਚ ਫਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ ।

ਬੇਗਾਨਿਆਂ ਦੇ ਵਾਰ ਅਸੀਂ ਹਮੇਸ਼ਾ ਚੁਪ ਚਾਪ ਸਹਿ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ ।

ਕਹਿਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪੁਕਾਰ ਉਸਦੀ ਲੇਕਿਨ ਰੌਲਿਆਂ ਵਿਚ ਰਲ ਹੋ ਜਾਂਦੀ ।

.............

No comments:

Post a Comment