Thursday, October 8, 2009

ਯਾਰੋ ! ਤਰੇਲੀ ਆ ਗਈ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ




ਇਹ ਹਯਾਤੀ ਕਿਉਂ ਭਲਾਂ ਐਸੀ ਪਹੇਲੀ ਪਾ ਗਈ
ਹੱਲ ਕਰਦੇ ਓਸਨੂੰ ਯਾਰੋ ! ਤਰੇਲੀ ਆ ਗਈ

ਜਿਸ ਪੰਨੇ 'ਤੇ ਉੱਕਰੀ ਸੀ ਮੇਰੇ ਗ਼ਮ ਦੀ ਦਾਸਤਾਂ
ਓਸਦੇ ਮੱਥੇ  'ਤੇ  ਵੀ  ਯਾਰੋ ! ਤਰੇਲੀ ਆ ਗਈ

ਮੁੱਖ ਉਸਦਾ ਵੇਖ ਕੇ ਗ਼ਸ਼ ਖਾ ਗਿਆ ਪੁੰਨਿਆ ਦਾ ਚੰਨ
ਸੂਰਜੇ ਨੂੰ ਦਿਨ ਚੜ੍ਹੇ ਯਾਰੋ ! ਤਰੇਲੀ ਆ ਗਈ

ਦਿਲਜਲੇ ਦੀ ਤਾਨ 'ਚੋਂ ਕੁਛ ਨਿੱਕਲੀ ਐਸੀ ਸਦਾ
ਸਾਜ਼ ਦੇ ਹਰ ਤਾਰ ਨੂੰ ਯਾਰੋ ! ਤਰੇਲੀ ਆ ਗਈ

ਉਸਦੀਆਂ ਅੱਖਾਂ 'ਚ ਦੇਖੀ ਅੱਜ ਉਹ ਬੇਗਾਨਗੀ
ਦਿਲ ਦੇ ਹਰ ਜਜ਼ਬਾਤ ਨੂੰ ਯਾਰੋ ! ਤਰੇਲੀ ਆ ਗਈ

ਜਦ ਨਮਕ ਦੀ ਜ਼ਾਤ ਨੂੰ ਮਰਹਮ ਸਮਝ ਕੇ ਲਾ ਲਿਆ
ਦਿਲ ਦੇ ਹਰ ਇਕ ਜ਼ਖ਼ਮ ਨੂੰ ਯਾਰੋ ! ਤਰੇਲੀ ਆ ਗਈ

ਓਸਦੀ ਜਲਵਾ-ਨੁਮਾਂਈ ਦਾ ਅਸਰ ਮੈਂ ਕੀ ਕਹਾਂ?
ਅੱਖ ਦੇ ਹਰ ਕੋਰ ਨੂੰ ਯਾਰੋ ! ਤਰੇਲੀ ਆ ਗਈ

ਮੇਰੇ ਮੱਥੇ ਤਾਂ ਜ਼ਰਾ ਭਰ ਵੀ ਨਹੀਂ ਤਿਉੜੀ ਕਿਤੇ
ਓਸਦੇ ਮੱਥੇ 'ਤੇ ਕਿਉਂ ਯਾਰੋ ! ਤਰੇਲੀ ਆ ਗਈ

ਹੌਸਲੇ 'ਹਰਦੇਵ' ਦੇ ਨਾ ਤੋੜ ਪਾਇਆ ਅਹਲੇ-ਗ਼ਮ
 ਦਰਦ ਨੂੰ ਵੀ ਹਾਰ ਕੇ ਯਾਰੋ ! ਤਰੇਲੀ ਆ ਗਈ

................

No comments:

Post a Comment