Wednesday, October 28, 2009

ਪੀਲੇ ਭੂਕ ਪੱਤਿਓ ਲੈ ਜਾਓ -ਮਨਜੀਤ ਕੋਟੜਾ

ਗ਼ਜ਼ਲ   -ਮਨਜੀਤ ਕੋਟੜਾ



ਪੀਲੇ ਭੂਕ ਪੱਤਿਓ ਲੈ ਜਾਓ ਮਾਰੂਥਲ ਦਾ ਸਿਰਨਾਵਾਂ।
ਉਡੀਕਾਂ ਰੁਮਕਦੀ ਬਹਾਰ ਨੂੰ,ਕੋਠਿਉਂ ਕਾਗ ਉਡਾਵਾਂ ।

ਮੋਏ ਤਨ ਦਾ ਮੇਰੇ ਮਹਿਰਮਾਂ ਨੂੰ ਬੜਾ ਫਿਕਰ ਸਤਾਵੇ,
ਮੈਂ ਵੀ ਹਾਂ ਗਮਮੀਨ ਯਾਰੋ,ਮਨ ਮੋਏ ਦਾ ਸੋਗ ਮਨਾਵਾਂ।

ਮਹਿਫਲ ਵਿੱਚ ਭਖਦਾ ਜੋਬਨ, ਛਲਕਦਾ ਜ਼ਾਮ ਵੀ,
ਨੱਚੇ ਲਚਾਰ ਨਰਤਕੀ ਦਿਖਾ ਮਦਮਸਤ ਅਦਾਵਾਂ ।

ਘਰਾਂ ਦੇ ਬੁਝਾ ਚਿਰਾਗ ਸਿਵਿਆਂ ਨੂੰ ਦੇ ਦਿਓ ਰੌਸ਼ਨੀ,
ਭੁੱਲੇ ਭਟਕੇ ਮੋਏ ਨਾ ਲੱਭ ਲੈਣ ਰੌਸ਼ਨੀ ਦੀਆਂ ਰਾਹਵਾਂ।

ਜਦ ਸੜਦਾ ਸੀ ਆਲਮ,ਘਰ ਬਣਿਆ ਪਨਾਹ ਮੇਰੀ ,
ਅੱਗ ਦਹਿਲੀਜ਼ਾਂ ਲੰਘ ਆਈ,ਬਚਕੇ ਕਿਸ ਰਾਹੇ ਜਾਵਾਂ।

ਰੰਗਲੀ ਸੱਭਿਅਤਾ ਦੇ ਸਫਰ ਦੀ ਹੈ ਬੇਦਰਦ ਕਹਾਣੀ,
ਇੱਕ ਅਸਮਾਨ ਹੋਇਆ,ਇੱਕ ਨੂੰ ਖਾ ਲਿਆ ਘਟਨਾਵਾਂ।

ਕੈਦ ਕਰ ਰੌਸ਼ਨੀ!ਕੀਤਾ ਐਲਾਨ ਵਿਚਾਰਾਂ ਦੀ ਮੌਤ ਦਾ,
ਉੱਗਦੀ ਸੂਹੀ ਸਵੇਰ,ਆਜਾ ਅਸਮਾਨੀਂ ਸ਼ੇਕ ਦਿਖਾਵਾਂ।

ਮੈ ਮੇਰੇ ਲੋਕਾਂ ਦੀ ਵਿੱਥਿਆ,ਹਾਂ ਅਣਛੂਹਿਆ ਦਰਦ ,
ਤੇਰੀ ਹਕੂਮਤ ਦੇ ਸਾਹਵੇਂ ਬਾਗ਼ੀ ਸ਼ਾਇਰ ਸਦਵਾਵਾਂ ।

ਮੈਂ ਖਲਾਅ ਵਿੱਚ ਲਟਕੀ ਬੀਤੇ ਸਮੇਂ ਦੀ ਮੂਰਤ ਨਹੀਂ,
ਮੈਂ ਹਾਂ ਇਨਕਲਾਬ,ਮੁੜ ਮੁੜ ਇਤਿਹਾਸ ਦੁਹਰਾਵਾਂ ।

..............

No comments:

Post a Comment