Sunday, September 27, 2009

ਕਮੀ ਹੈ, ਕਮੀ ਹੈ, ਕਮੀ ਹੈ, ਕਮੀ ਹੈ -ਹਰਦੇਵ ਗਰੇਵਾਲ


ਗ਼ਜ਼ਲ   -ਹਰਦੇਵ ਗਰੇਵਾਲ



ਹਯਾਤੀ ਬੜੀ ਸ਼ਹਿਨਸ਼ਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ
ਖ਼ੁਸ਼ੀਆਂ ਨੇ ਜੀ ਭਰ ਨਿਭਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਕਿਸੇ ਮੈਅਕਦੇ ਤੋਂ ਨਾ ਖ਼ਾਲੀ ਮੁੜਾਂ ਮੈਂ
ਜਦੋਂ ਵੀ ਪਿਆਲਾ ਹੱਥਾਂ ਵਿਚ ਫੜਾਂ ਮੈਂ
ਰਹੀ ਪੂਰਦੀ ਹਰ ਸੁਰਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਕਦੇ ਵੀ ਬਿਗਾਨੀ ਭੜੋਲੀ ਨਾ ਫੋਲੀ
ਪਰਾਈ ਅਮਾਨਤ 'ਤੇ ਨੀਅਤ ਨਾ ਡੋਲੀ
ਰਹੀ ਸਾਫ਼ ਨੀਅਤ ਸਦਾ ਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਸਿਸਕਦੇ ਮਜ਼ਾਰਾਂ 'ਤੇ ਤਾਂਡਵ ਨਾ ਕੀਤੇ
ਕਦੇ  ਗ਼ੈਰਤਾਂ ਨਾਲ ਸੌਦੇ ਨਾ ਕੀਤੇ
ਰਹੀ ਹੌਸਲੀਂ ਬੇਪਨਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਰਹੇ ਇਸ਼ਕ ਦੇ ਇਮਤਿਹਾਨਾਂ 'ਚੋਂ ਅੱਵਲ
ਮਚਾਈ ਜਵਾਂ ਧੜਕਣਾਂ ਵਿਚ ਵੀ ਹਲਚਲ
ਵਹੀ ਛਾਪ, ਜਿਸ ਦਿਲ 'ਤੇ ਵਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਦਿਲੇ ਵਿਚ ਰਹੀ ਕਿਉਂ ਸਦਾ ਬੇਕਰਾਰੀ
ਕਿਉਂ ਚੰਗੇ ਦਿਨਾਂ 'ਤੇ ਰਹੀ ਬੇ'ਤਬਾਰੀ
ਲਿਆ ਹਰ ਘੜੀ ਦਾ ਮਜ਼ਾ ਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਕਦੇ ਵੀ ਨਾ ਯਾਰਾਂ ਤੋਂ ਪਰਦਾ ਹੀ ਕੀਤਾ
ਜਿਦ੍ਹੇ ਲਈ ਜੋ ਬਣਿਆ ਨਾ ਸਰਿਆਂ ਵੀ ਕੀਤਾ
ਮੁਹੱਬਤ ਸਦਾ ਹੀ ਨਿਭਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਮਿਰੇ ਸ਼ਿਅਰ ਸੁਣ ਯਾਰ ਕਰਦੇ ਨੇ ਸਿਫ਼ਤਾਂ
ਕਹਿਣ ਲਾਟ ਵਾਂਗੂੰ ਬਲਣ ਕਾਵਿ-ਲਿਖਤਾਂ
ਗ਼ਜ਼ਲ ਮੇਰੀ ਸਭਨੇ ਸਰਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ

ਕਦੇ ਵੀ ਘਰਾਂ ਨੂੰ ਨਾ 'ਹਰਦੇਵ' ਪਰਤੇ
ਕਬੂਤਰ  ਸਮੁੰਦਰ  ਹਵਾਲੇ  ਜੋ ਕਰਤੇ
ਭਰੀਦੀ ਉਨ੍ਹਾਂ ਬਿਨ ਗਰਾਹੀ ਤਾਂ ਹੈ ਪਰ
ਕਮੀ ਹੈ,  ਕਮੀ ਹੈ,  ਕਮੀ ਹੈ,  ਕਮੀ ਹੈ


................

1 comment:

  1. Beautifully composed , Hardev...
    As we ve discussed earlier these latest ghazals are more refined n ve more finesse...
    Someone said , " A critic is the person who knows the way but can't drive the car "
    So I can say that now u dont only know d way but can also drive d car...keep it up !!

    ReplyDelete