Saturday, September 5, 2009

ਤਿਰੇ ਰਾਹਾਂ ਦਿਆਂ ਕੰਡਿਆਂ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ


ਤਿਰੇ ਰਾਹਾਂ ਦਿਆਂ ਕੰਡਿਆਂ ਨਾ' ਪ੍ਰੀਤਾਂ ਲਾ ਲਈਆਂ ਨੇ
ਸਲੀਬਾਂ ਆਪ ਚੁੱਕ ਕੇ ਆਪਣੇ ਗਲ਼ ਪਾ ਲਈਆਂ ਨੇ

ਅਸਾਂ ਦੀ ਪਿਆਸ ਤੇ ਭੁੱਖ ਦਾ ਅਜਬ ਹੀ ਤੌਰ ਹੈ ਯਾਰੋ
ਕਿ ਆਂਸੂ ਪੀ ਲਏ ਨੇ ਰੱਜ ਪੀੜਾਂ ਖਾ ਲਈਆਂ ਨੇ

ਬੜੇ ਹੀ ਸ਼ੌਕ ਨਾ' ਵਿੰਨੇ ਸੀ ਨੱਕ ਪਾਵਣ ਲਈ ਕੋਕੇ
ਤੁਸਾਂ ਸਾਡੇ ਨੱਕਾਂ ਵਿੱਚ ਵੀ ਨਕੇਲਾਂ ਪਾ ਲਈਆਂ ਨੇ

ਸੁਰਾਹੀ ਇਸ਼ਕ ਦੀ 'ਚੋਂ ਚਾਰ ਬੂੰਦਾਂ ਹੀ ਮਿਰਾ ਹਿੱਸਾ
ਨ੍ਹਾਂ 'ਚੋਂ ਪੀ ਗਿਆ ਮੈਂ ਦੋ ਤੇ ਦੋ ਛਲਕਾ ਲਈਆਂ ਨੇ

ਮੁਸਲਸਲ ਵਕਤ ਵੀ ਠੋਕਰ ਤੇ ਠੋਕਰ ਲਾ ਗਿਆ ਜ਼ਾਲਿਮ
ਖਿੜੇ ਮੱਥੇ 'ਤੇ ਮੈਂ ਵੀ ਠੋਕਰਾਂ ਸਭ ਖਾ ਲਈਆਂ ਨੇ

ਜੁਲਾਹਾ ਹਾਂ ਬੜਾ ਕੱਚਾ ਕਿ ਸਭ ਹੀ ਮੋਹ ਦੀਆਂ ਤੰਦਾਂ
ਬੜੀ ਹੀ ਬੇਧਿਆਨੀ ਨਾਲ ਮੈਂ ਉਲਝਾ ਲਈਆਂ ਨੇ

ਨ੍ਹਾਂ ਵੀ ਕਸ ਲਏ 'ਹਰਦੇਵ' ਜ਼ੁਲਮਾਂ ਲਈ ਕਮਰਕੱਸੇ
ਅਸਾਂ ਵੀ ਕਲਮ-ਨੋਕਾਂ ਰਗੜ ਕੇ ਲਿਸ਼ਕਾ ਲਈਆਂ ਨੇ

..................    

No comments:

Post a Comment