Monday, September 14, 2009

ਬਦਨਾਮ ਹੋ ਕੇ ਰਹਿ ਗਈ -ਹਰਦੇਵ ਗਰੇਵਾਲ

ਗ਼ਜ਼ਲ   -ਹਰਦੇਵ ਗਰੇਵਾਲ  




ਬਦਨਾਮ ਹੋ ਕੇ ਰਹਿ ਗਈ,ਇਲਜ਼ਾਮ ਸਿਰ ਧਰ ਬਹਿ ਗਈ
ਚਾਹਤ ਮਿਰੀ  ਤੇਰੇ ਸ਼ਹਿਰ ਨੀਲਾਮ  ਹੋ  ਕੇ  ਰਹਿ ਗਈ

ਮੇਰੇ  ਦਿਲੇ  ਦੇ  ਤਾਰ  ਫਿਰ  ਬੇਤਾਬ  ਹੋ  ਥੱਰਾ ਗਏ
ਖ਼ੌਰੇ ਹਵਾ  ਕੰਨਾਂ ਦੇ ਵਿਚ  ਸੱਰਾ ਕੇ ਕੀ ਕੁਛ ਕਹਿ ਗਈ

ਜਦ  ਨੈਣ  ਮੇਰੇ  'ਤੇ ਟਿਕੇ  ਤਾਂ ਬੇਤਹਾਸ਼ਾ  ਜਾ  ਚੜ੍ਹੀ
ਜਦ ਗ਼ੈਰ ਦੇ ਵੱਲ ਫਿਰ ਗਏ ਸਾਰੀ ਦੀ ਸਾਰੀ ਲਹਿ ਗਈ

ਚੁੰਨੀ ਦਾ ਪੱਲਾ  ਚੀਰ ਕੇ ਸੁਰਮਾ  ਸ਼ਰਾਰਤ  ਕਰ ਗਿਆ
ਹੁਸਨੋ - ਅਦਾ  ਸ਼ਰਮੋ - ਹਯਾ ਦੇ ਨਾਲ ਵੇਖੋ ਖਹਿ ਗਈ

ਸਾਕੀ! ਤਿਰੀ ਮਹਿਫਿਲ'ਚ ਸਾਗ਼ਰ ਛਲਕਦੇ ਰਹੇ ਗ਼ੈਰ ਦੇ
ਮੇਰੇ  ਨਸੀਬਾਂ  ਦੇ  ਲਈ   ਖ਼ਾਲੀ  ਸੁਰਾਹੀ  ਰਹਿ ਗਈ

ਮੇਰੇ  ਦਿਲੇ - ਬਰਬਾਦ ਲਈ  ਕੋਈ  ਟਿਕਾਣਾ ਨਾ ਰਿਹਾ
ਮੇਰੇ  ਦਿਲੇ - ਬਰਬਾਦ ਲਈ  ਬੇਚੈਨਗੀ  ਹੀ ਰਹਿ ਗਈ

'ਹਰਦੇਵ' ਜਿਸਦੇ  ਨਾਮ 'ਤੇ  ਸਾਰੀ ਹਯਾਤੀ ਲਾ ਗਿਆ
ਉਹ ਆਪ ਇੱਕ ਵੀ ਪਲ ਉਦ੍ਹੇ  ਨਾਂਵੇਂ ਲਵਾਉਣੋਂ ਰਹਿ ਗਈ

.....................


No comments:

Post a Comment