Sunday, September 6, 2009

ਮੇਰਾ ਯਾਰ ਬਦਲ ਗਿਆ -ਅਮਨਦੀਪ ਕਾਲਕਟ (ਬਰਲਿਨ)

ਗ਼ਜ਼ਲ  -ਅਮਨਦੀਪ ਕਾਲਕਟ (ਬਰਲਿਨ)


ਤਨ ਤੋਂ, ਮਨ ਤੋਂ, ਮੈਂ ਤਾਂ ਪਹਿਲਾਂ ਵਰਗਾ ਹਾਂ,
ਪਰ ਦੁਨੀਆਂ ਵਿੱਚ ਖੋ ਕੇ ਮੇਰਾ ਯਾਰ ਬਦਲ ਗਿਆ
 

ਮਣਾਂ ਮੂੰਹੀਂ ਸੀ ਕਰਦੀ ਉਹ ਕਿਸੇ ਵਕਤ ਮੈਨੂੰ,
ਲੱਗਦੈ ਮੈਨੂੰ ਇੰਝ ਕਿ ਉਹਦਾ ਪਿਆਰ ਬਦਲ ਗਿਆ


'ਕੱਠੇ ਜੀਣਾਂ ਮਰਨਾਂ ਤਾਂ ਸੀ ਦੂਰ ਦੀ ਗੱਲ ,
ਪਰ ਛੇਤੀ ਹੀ
ਮਿਲਣ ਦਾ ਵੀ ਇਕਰਾਰ ਬਦਲ ਗਿਆ
 

ਵਾਅਦੇ ਉਸ ਵੇਲੇ ਦੇ, ਜਦ ਉਹ ਪੜ੍ਹਦੀ ਸੀ,
ਸ਼ਾਦੀ ਹੋਣ ਦੇ ਨਾਲ਼ ਉਹਦਾ ਘਰ-ਬਾਰ ਬਦਲ ਗਿਆ
 

ਦੁਨੀਆਂ ਦੇ ਰੰਗਾਂ ਤੋਂ ਦੂਰ ਸੀ ਮੁੱਖ ਰੱਖਦੀ,
ਕਿਹੜੇ ਲਾਲਚ ਵਿੱਚ ਉਹਦਾ ਸ਼ਿੰਗਾਰ ਬਦਲ ਗਿਆ
 

ਚਾਂਦੀ ਦਾ ਤਵੀਤ ਵੀ ਪਾ ਸ਼ਰਮਾਉਂਦੀ ਸੀ,
ਕਾਲ਼ੀ ਗਾਨੀ ਨੂੰ ਸੋਨੇ ਦਾ
ਹਾਰ ਬਦਲ ਗਿਆ
 

ਅਚਨਚੇਤ ਜਦ ਮਿਲ਼ੇ ਤਾਂ ਹੱਸ ਕੇ ਬੋਲੀ ਨਾ,
ਦਿਲ ਦੇ ਵਿੱਚ ਸੀ ਪਹਿਲਾਂ ਜੋ, ਸਤਿਕਾਰ ਬਦਲ ਗਿਆ
 

ਗੱਲ ਕਰਦੀ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਸਨ, 
ਹੁਣ ਬੋਲਣ ਦਾ ਲਹਿਜਾ ਤੇਜ਼ ਤਰਾਰ ਬਦਲ ਗਿਆ
 

ਉਹਨੂੰ ਦੇਖ ਕੇ ਬਦਲ ਰਿਹਾ ਹਾਂ ਖੁਦ ਵੀ ਮੈਂ,
ਖਿੜਿਆ ਮੁੱਖ ਹੁਣ ਲੱਗਦਾ ਏ
ਬਿਮਾਰ, ਬਦਲ ਗਿਆ
 

ਬੜੇ ਚਿਰਾਂ ਤੋਂ ਪੋਚ ਕੇ ਵੀ ਨਹੀਂ ਪੱਗ ਬੰਨ੍ਹੀ, 
ਘੰਟਾ ਘੰਟਾ ਹੋਈ ਜਾਣਾ  ਤਿਆਰ ਬਦਲ ਗਿਆ
 

ਛੱਡ ਕੇ ਦੁਨੀਆਂਦਾਰੀ 'ਅਮਨ' ਵੀ ਲਿਖਣ ਲੱਗਾ
ਉਹਦੀ ਵਜ੍ਹਾ ਦੇ ਨਾਲ਼ ਮੇਰਾ ਕੰਮ-ਕਾਰ ਬਦਲ ਗਿਆ

No comments:

Post a Comment