Sunday, September 6, 2009

ਤੂੰ ਤੇ ਲੈ ਕੇ ਤੁਰ ਗਿਉਂ -ਰਾਜਿੰਦਰ ਪਰਦੇਸੀ

ਗ਼ਜ਼ਲ   -ਰਾਜਿੰਦਰ ਪਰਦੇਸੀ

ਤੂੰ ਤੇ ਲੈ ਕੇ ਤੁਰ ਗਿਉਂ ਮਹਿਕਾਂ ਤੋਂ ਬਨਵਾਸ
ਗੂੰਗੀ ਰੁੱਤ ਦੀ ਪੀੜ ਦਾ ਕੌਣ ਕਰੇ ਅਹਿਸਾਸ

ਤਪਦੀ ਰੂਹ ਨੂ ਇੰਜ ਹੀ ਦੇ ਲਈਏ ਧਰਵਾਸ
ਰੇਗਿਸਤਾਨੀ ਅੱਕੜੇ ਜੰਮਣ ਲੈ ਕੇ ਪਿਆਸ

ਜਿਸ ਦੇ ਵੱਜਣ ਛਮਕਾਂ ਉਸ ਦੇ ਪੈਦੀ ਲਾਸ
ਜ਼ਖ਼ਮਾਂ ਦੇ ਸੰਗ ਸੁਹਬਦੀ ਹੈ ਦਰਦਾਂ ਦੀ ਬਾਸ

ਵੰਝਲੀ ਨੂੰ ਬਸ ਛੇੜ ਨਾ ਨਾ ਕਰ ਹੋਰ ਉਦਾਸ
ਖ਼ਬਰੇ ਰੁਕ ਰੁਕ ਇੰਜ ਹੀ ਚਲਦੇ ਰਹਿਣ ਸਵਾਸ

ਹੱਸਣ ਨੂੰ ਤੂੰ ਆਖ ਨਾ ਇਹ ਨਹੀਂ ਪੁੱਗਣੀ ਆਸ
ਓਸ ਜਨਮੇ ਤਾਂ ਆਪਣਾ ਚੱਲ ਰਿਹੈ ਉਪਵਾਸ

ਤਰਲੋਮੱਛੀ ਅੱਖੀਆਂ ਪਰ ਨਾ ਦੁਆ ਸਲਾਮ
ਦਿਲ ਦੀ ਗਲ਼ੀਓਂ ਲੰਘਿਆ ਬੰਦਾ ਖ਼ਾਸਮਖ਼ਾਸ

ਨਾ ਚਸ਼ਮੇ ਨਾ ਰੁੱਖ ਹੀ ਇਸ ਪਰਬਤ ਦੇ ਪਾਸ
ਆਉਣਾ ਹੈ ਹੁਣ ਪੰਛੀਆਂ ਲੈ ਕੇ ਕਿਹੜੀ ਆਸ

ਤੈਨੂੰ ਤਾਂ ਇਹ ਦੁੱਖ ਹੈ ਹੈਂ ਤੂੰ ਵਤਨੋਂ ਦੂਰ
ਸਾਨੂੰ ਸਾਡੇ ਦੇਸ਼ ਹੀ ਉਮਰਾਂ ਦਾ ਪਰਵਾਸ

'ਪਰਦੇਸੀ' ਨੂੰ ਪਿਸਦਿਆਂ ਗਏ ਚੁਰੰਜਾ ਬੀਤ
ਹੁਣ ਵੀ ਤੇਰੀ ਯਾਦ ਦਾ ਚੱਲਦਾ ਪਿਆ ਖ਼ਰਾਸ

.................

No comments:

Post a Comment